ਨਵੀਂ ਦਿੱਲੀ: ਗੁਜਰਾਤ ਵਿੱਚ ਭਾਜਪਾ ਦੀ ਜਿੱਤ 'ਤੇ ਸ਼ਿਵ ਸੈਨਾ ਨੇ ਆਪਣੇ ਰਸਾਲੇ 'ਸਾਮਨਾ' ਵਿੱਚ ਭਾਜਪਾ 'ਤੇ ਵਿਅੰਗ ਕੀਤਾ ਹੈ। ਰਸਾਲੇ 'ਸਾਮਨਾ' ਦੀ ਸੰਪਾਦਕੀ ਵਿੱਚ ਸ਼ਿਵ ਸੈਨਾ ਨੇ ਕਿਹਾ ਕਿ ਗੁਜਰਾਤ ਵਿੱਚ ਭਾਰਤੀ ਜਨਤਾ ਪਾਰਟੀ ਦੀ ਜਿੱਤ ਤਾਂ ਜ਼ਰੂਰ ਹੋਈ ਹੈ, ਪਰ ਚਰਚਾ ਦਾ ਵਿਸ਼ਾ ਤਾਂ ਰਾਹੁਲ ਗਾਂਧੀ ਹੈ। ਜ਼ਿਕਰਯੋਗ ਹੈ ਕਿ ਕਾਂਗਰਸ ਨੇ ਇਸ ਵਾਰ ਬੀਤੀਆਂ ਵਿਧਾਨ ਸਭਾ ਚੋਣਾਂ ਤੋਂ ਵੀ ਜ਼ਿਆਦਾ ਸੀਟਾਂ ਹਾਸਲ ਕੀਤੀਆਂ ਹਨ। ਇਸੇ ਨੂੰ ਰਾਹੁਲ ਗਾਂਧੀ ਵੱਲੋਂ ਲਾਈ ਛਾਲ ਵਜੋਂ ਵੇਖਿਆ ਜਾ ਰਿਹਾ ਹੈ।


ਕੀ ਬੀ.ਜੇ.ਪੀ. ਨੂੰ ਵੱਡੀ ਜਿੱਤੀ ਮਿਲੀ?: ਸ਼ਿਵ ਸੈਨਾ

ਸ਼ਿਵ ਸੈਨਾ ਨੇ 'ਸਾਮਨਾ' ਵਿੱਚ ਲਿਖਿਆ ਹੈ, "ਗੁਜਰਾਤ ਵਿੱਚ ਭਾਜਪਾ ਜਿੱਤੀ ਹੈ, ਜਿੱਤ ਤਾਂ ਹੋਣ ਹੀ ਵਾਲੀ ਸੀ। ਜਸ਼ਨ ਤੇ ਢੋਲ ਵਜਾਉਣ ਦੀ ਤਿਆਰੀ ਪਹਿਲਾਂ ਹੀ ਸ਼ੁਰੂ ਹੋ ਗਈ ਸੀ ਪਰ ਕੀ ਜਸ਼ਨ ਮਨਾਉਣਾ ਤੇ ਨਸ਼ੇ ਵਿੱਚ ਚੂਰ ਹੋ ਕੇ ਨੱਚਣਾ, ਕੀ ਇੰਨੀ ਵੱਡੀ ਜਿੱਤ ਭਾਜਪਾ ਨੂੰ ਮਿਲੀ ਹੈ?" ਅੱਗੇ ਲਿਖਿਆ ਹੈ ਕਿ ਜਿੱਤ ਤਾਂ ਭਾਜਪਾ ਦੀ ਹੋਈ ਹੈ, ਪਰ ਰਾਹੁਲ ਗਾਂਧੀ ਵੱਲੋਂ ਲਾਈ ਛਾਲ ਦੀ ਚਰਚਾ ਹੋ ਰਹੀ ਹੈ।

100 ਦਾ ਅੰਕੜਾ ਛੋਹਣ 'ਚ ਪਾਰਟੀ ਦਮੋਂ ਨਿਕਲੀ- ਸ਼ਿਵ ਸੈਨਾ

ਇੰਨਾ ਹੀ ਨਹੀਂ 'ਸਾਮਨਾ' ਵਿੱਚ ਅੱਗੇ ਲਿਖਿਆ ਗਿਆ ਹੈ, "ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਦੀ ਜਿੱਤ ਲਈ ਅਸੀਂ ਭਾਜਪਾ ਨੂੰ ਵਧਾਈ ਦਿੰਦੇ ਹਾਂ, ਇਸ ਦੇ ਨਾਲ ਹੀ ਕਾਂਗਰਸ ਨੇ ਜੋ ਸਫਲਤਾ ਹਾਸਲ ਕੀਤੀ ਹੈ, ਉਹ ਵੀ ਮਹੱਤਵਪੂਰਨ ਹੈ। ਗੁਜਰਾਤ ਵਿੱਚ ਭਾਜਪਾ ਨੂੰ ਘੱਟ ਤੋਂ ਘੱਟ 150 ਸੀਟਾਂ ਮਿਲਣਗੀਆਂ, ਇਹ ਤਾਂ ਹਿੱਕ ਠੋਕ ਕੇ ਕਿਹਾ ਜਾ ਰਿਹਾ ਸੀ, ਪਰ 100 ਸੀਟਾਂ ਦਾ ਅੰਕੜਾ ਛੋਹਣ ਵਿੱਚ ਵੀ ਪਾਰਟੀ ਦਾ ਸਾਹ ਫੁੱਲ ਗਿਆ। ਇੱਕ ਵਾਕ ਵਿੱਚ ਜੇਕਰ ਨਤੀਜਿਆਂ ਦਾ ਮਤਲਬ ਕੱਢਿਆ ਜਾਵੇ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਹਵਾ ਨਹੀਂ ਬਦਲੀ, ਪਰ ਹਵਾ ਦੀ ਰਫਤਾਰ ਘੱਟ ਜ਼ਰੂਰ ਹੋ ਗਈ ਹੈ।"

ਅੱਵਲ ਆਉਣ ਦਾ ਵਿਖਾਵਾ ਕਰ ਰਹੀ ਹੈ ਭਾਜਪਾ: ਸ਼ਿਵ ਸੈਨਾ

ਸ਼ਿਵ ਸੈਨਾ ਨੇ ਕਿਹਾ, "ਮਚਲਦੀਆਂ ਲਹਿਰਾਂ ਠੰਢੀਆਂ ਹੋ ਗਈਆਂ ਹਨ। ਭਾਜਪਾ ਮੁਸ਼ਕਲ ਨਾਲ ਪਾਸ ਹੋ ਕੇ ਵੀ ਡਿਸਟਿੰਕਸ਼ਨ (ਅੱਵਲ) ਦਾ ਵਿਖਾਵਾ ਕਰ ਰਹੀ ਹੈ, ਇਹ ਤਸਵੀਰ ਤਰਸਯੋਗ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਵੀ ਆਖਰਕਾਰ ਗੁਜਰਾਤ ਦੀ ਅਸਮਿਤਾ ਦਾ ਕਾਰਡ ਖੇਡਣਾ ਪਿਆ।"

ਦੱਸ ਦਈਏ ਕਿ ਗੁਜਰਾਤ ਵਿੱਚ ਭਾਜਪਾ 99 ਤਾਂ ਕਾਂਗਰਸ ਨੂੰ 80 ਸੀਟਾਂ ਮਿਲੀਆਂ ਹਨ। ਉੱਥੇ ਸਾਲ 2012 ਦੀਆਂ ਚੋਣਾਂ ਵਿੱਚ ਭਾਜਪਾ ਨੂੰ 115 ਤੇ ਕਾਂਗਰਸ ਨੂੰ 61 ਸੀਟਾਂ ਹੀ ਮਿਲੀਆਂ ਸਨ। ਸੂਬੇ ਵਿੱਛ ਭਾਜਪਾ ਨੂੰ ਇਸ ਵਾਰ 49.1 ਫ਼ੀਸਦ ਤੇ ਕਾਂਗਰਸ ਨੂੰ 41.5 ਫ਼ੀਸਦ ਵੋਟ ਮਿਲੇ ਹਨ।