ਪੜਚੋਲ ਕਰੋ
ਦਿੱਲੀ ਦਰਬਾਰ 'ਚ ਛਾਏ ਨਵਜੋਤ ਸਿੱਧੂ, ਛੱਕਿਆਂ ਦੀ ਖ਼ੂਬ ਬਾਰਸ਼!

ਨਵੀਂ ਦਿੱਲੀ: ਕਾਂਗਰਸ ਦੇ ਮਹਾਂ ਸੰਮੇਲਨ ਦੇ ਆਖ਼ਰੀ ਦਿਨ ਬੇਸ਼ੱਕ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੇ ਬੀਜੇਪੀ ਤੇ ਆਰਐਸਐਸ 'ਤੇ ਤਾਬੜਤੋੜ ਹਮਲੇ ਕਰਕੇ ਮਿਸ਼ਨ 2019 ਦੀ ਸ਼ੁਰੂਆਤ ਕੀਤੀ ਪਰ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸਭ ਤੋਂ ਵੱਧ ਚਰਚਾ ਖੱਟੀ। ਉਹ ਆਪਣੇ ਸ਼ਾਇਰਾਨਾ ਅੰਦਾਜ਼ ਨਾਲ ਮਹਿਫ਼ਲ ਵਿੱਚ ਛਾ ਗਏ ਤੇ ਖ਼ੂਬ ਵਾਹ-ਵਾਹ ਲੁੱਟੀ। ਉਨ੍ਹਾਂ ਇੱਥੇ ਛੱਕਿਆਂ ਦੀ ਖੂਬ ਬਾਰਸ਼ ਕੀਤੀ। ਸਿੱਧੂ ਨੂੰ ਕਾਂਗਰਸ ਵਿੱਚ ਆਏ ਚਾਹੇ ਸਾਲ ਹੀ ਹੋਇਆ ਹੈ ਪਰ ਉਨ੍ਹਾਂ ਹਾਈਕਮਾਨ ਕੋਲ ਆਪਣੀ ਚੰਗੀ ਭੱਲ ਬਣਾ ਲਈ ਹੈ। ਪਾਰਟੀ ਦੇ 84ਵੇਂ ਮਹਾਂ ਸੰਮੇਲਨ ਵਿੱਚ ਨਵਜੋਤ ਸਿੱਧੂ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੋਂ ਮੁਆਫ਼ੀ ਮੰਗੀ ਤੇ ਕਿਹਾ,"ਮੈਨੂੰ ਪਛਾਣਨ ਵਿੱਚ 10 ਸਾਲ ਦਾ ਸਮਾਂ ਲੱਗ ਗਿਆ। ਮੈਂ ਮੁਆਫ਼ੀ ਮੰਗਦਾ ਹਾਂ। ਮੈਂ ਗੰਗਾ ਨਹਾ ਆਇਆ ਸਰ, ਤੁਹਾਡੇ ਚਰਨਾਂ ਵਿੱਚ ਸਿਰ ਰੱਖ ਕੇ.. ਤੁਸੀਂ ਸਰਦਾਰ ਹੋ ਤੇ ਅਸਰਦਾਰ ਵੀ।" ਮਨਮੋਹਨ ਦੀ ਤਾਰੀਫ਼ ਕਰਦਿਆਂ ਸਿੱਧੂ ਨੇ ਕਿਹਾ ਕਿ ਜੋ ਤੁਹਾਡੇ ਮੌਨ ਨੇ ਕਰ ਵਿਖਾਇਆ, ਉਹ ਭਾਜਪਾ ਦਾ ਰੌਲ਼ਾ-ਰੱਪਾ ਨਹੀਂ ਕਰ ਸਕਿਆ। ਇਹ ਗੱਲ ਮੈਨੂੰ 10 ਸਾਲ ਬਾਅਦ ਸਮਝ ਵਿੱਚ ਆਈ। ਸਿੱਧੂ ਦੇ ਸੰਬੋਧਨ ਦੌਰਾਨ ਕਾਂਗਰਸੀ ਵਰਕਰਾਂ ਵਿੱਚ ਖਾਸਾ ਉਤਸ਼ਾਹ ਵੇਖਣ ਨੂੰ ਮਿਲਿਆ। ਉਨ੍ਹਾਂ ਨਰੇਂਦਰ ਮੋਦੀ ਤੇ ਭਾਜਪਾ 'ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਕਾਂਗਰਸ ਵਿੱਚ ਉਨ੍ਹਾਂ ਦਾ ਆਉਣਾ 'ਘਰ ਵਾਪਸੀ' ਹੈ। ਨਵਜੋਤ ਸਿੱਧੂ ਨੇ ਆਪਣੇ ਸੰਬੋਧਨ ਵਿੱਚ ਕਾਂਗਰਸ ਦੇ ਸੰਸਦੀ ਦਲ ਦੀ ਮੁਖੀ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੇ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੀ ਵੀ ਖ਼ੂਬ ਤਾਰੀਫ਼ ਕਰਦਿਆਂ ਕਿਹਾ ਕਿ ਅਗਲੇ ਸਾਲ ਲਾਲ ਕਿਲੇ 'ਤੇ ਰਾਹੁਲ ਗਾਂਧੀ ਤਿਰੰਗਾ ਲਹਿਰਾਉਣਗੇ।
ਟ੍ਰੈਂਡਿੰਗ ਟੌਪਿਕ






















