ਕਾਂਕੇਰ: ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਕਾਂਕੇਰ ਜ਼ਿਲ੍ਹੇ ਵਿੱਚ ਮੰਗਲਵਾਰ ਦੇਰ ਰਾਤ ਨਕਸਲੀਆਂ ਨੇ ਸਾਬਕਾ ਸਰਪੰਚ ਤੇ ਆਰਐਸਐਸ ਲੀਡਰ ਦਾ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ। ਨਕਸਲੀਆਂ ਨੇ ਕੋਂਡੇਗਾਂਵ ਸੰਘ ਨਾਲ ਜੁੜੇ ਦਾਦੂ ਰਾਮ ਕੋਰਟੀਆ (40) ਨੂੰ ਪਹਿਲਾਂ ਆਵਾਜ਼ ਮਾਰ ਕੇ ਬਾਹਰ ਸੱਦਿਆ ਤੇ ਫਿਰ ਗੋਲ਼ੀ ਮਾਰ ਦਿੱਤੀ।

ਜਾਣਕਾਰੀ ਮੁਤਾਬਕ ਮੰਗਲਵਾਰ ਰਾਤ ਤਕਰੀਬਨ 10:30 ਵਜੇ 20-25 ਹਥਿਆਰਬੰਦ ਨਕਸਲੀ ਦਾਦੂ ਰਾਮ ਦੇ ਘਰ ਆਏ। ਉਨ੍ਹਾਂ ਦਾਦੂ ਰਾਮ ਨੂੰ ਆਵਾਜ਼ ਦੇ ਕੇ ਘਰ ਤੋਂ ਬਾਹਰ ਸੱਦਿਆ। ਬਾਹਰ ਨਿਕਲਦਿਆਂ ਹੀ ਹਮਲਾਵਰਾਂ ਨੇ ਪਹਿਲਾਂ ਦਾਦੂ 'ਤੇ ਗੰਡਾਸੇ ਨਾਲ ਵਾਰ ਕੀਤਾ ਤੇ ਫਿਰ ਗੋਲ਼ੀ ਮਾਰ ਦਿੱਤੀ। ਇਸ ਉਪਰੰਤ ਨਕਸਲੀ ਉੱਥੇ ਪਰਚੇ ਸੁੱਟ ਕੇ ਫਰਾਰ ਹੋ ਗਏ। ਘਟਨਾ ਸਮੇਂ ਦਾਦੂ ਰਾਮ ਦੀ ਪਤਨੀ ਵੀ ਮੌਜੂਦ ਸੀ।

ਨਕਸਲੀਆਂ ਨੇ ਪਰਚੇ ਵਿੱਚ ਕਸ਼ਮੀਰ ਮੁੱਦੇ 'ਤੇ ਭਾਰਤੀ ਜਨਤਾ ਪਾਰਟੀ ਤੇ ਰਾਸ਼ਟਰੀ ਸਵੈਮਸੇਵਕ ਸੰਘ ਨੂੰ ਧਮਕੀ ਦਿੱਤੀ ਹੈ। ਇਸ ਵਿੱਚ ਲਿਖਿਆ ਹੋਇਆ ਹੈ ਕਿ ਭਾਜਪਾ ਤੇ ਆਰਐਸਐਸ ਦੀਆਂ ਗਤੀਵਿਧੀਆਂ ਆਦਿਵਾਸੀ ਤੇ ਦਲਿਤ ਵਿਰੋਧੀ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਨੇ ਤਾਨਾਸ਼ਾਹੀ ਤੇ ਹਿਟਲਰਸ਼ਾਹੀ ਵਤੀਰਾ ਵਰਤਦਿਆਂ ਕਸ਼ਮੀਰ ਤੋਂ ਧਾਰਾ 370 ਨੂੰ ਰੱਦ ਕਰ ਦਿੱਤਾ ਗਿਆ। ਦਾਦੂ ਸਿੰਘ ਅਜਿਹੇ ਹੀ ਸੰਗਠਨ ਨਾਲ ਜੁੜ ਕੇ ਆਪਣੀਆਂ ਗਤੀਵਿਧੀਆਂ ਚਲਾ ਰਿਹਾ ਸੀ। ਕੇਂਦਰ ਸਰਕਾਰ ਦੇ ਫੈਸਲੇ ਦੇ ਵਿਰੋਧ ਵਿੱਚ ਨਕਸਲੀਆਂ ਨੇ 30 ਅਗਸਤ ਨੂੰ ਬੰਦ ਦਾ ਐਲਾਨ ਕੀਤਾ ਹੈ।