ਨਵੀਂ ਦਿੱਲੀ: ਰਾਸ਼ਟਰੀ ਮਹਿਲਾ ਕਮਿਸ਼ਨ ਨੇ ਸ਼ਾਹਜਹਾਂਪੁਰ ਦੇ ਲਾਅ ਕਾਲਜ ਦੀ ਵਿਦਿਆਰਥਣ ਦੇ ਸਾਬਕਾ ਕੇਂਦਰੀ ਮੰਤਰੀ ਚਿੰਮੀਆਨੰਦ ‘ਤੇ ਸਰੀਰਕ ਸੋਸ਼ਣ ਦੇ ਇਲਜ਼ਾਮਾਂ ਨੂੰ ਗੰਭੀਰਤਾ ਨਾਲ ਲਿਆ ਹੈ। ਇਸ ਮਾਮਲੇ ਬਾਰੇ ਯੂਪੀ ਦੇ ਡੀਜੀਪੀ ਨੂੰ ਨੋਟਿਸ ਜਾਰੀ ਕੀਤਾ ਹੈ। ਰਾਸ਼ਟਰੀ ਮਹਿਲਾ ਕਮਿਸ਼ਨ ਨੇ ਇਸ ਪੂਰੇ ਮਾਮਲੇ ‘ਤੇ ਡੀਜੀਪੀ ਤੋਂ ਜਵਾਬ ਮੰਗਿਆ ਹੈ।


ਅਸਲ ‘ਚ ਸ਼ਾਹਜਹਾਂਪੁਰ ‘ਚ ਲਾਅ ਕਾਲਜ ਦੀ ਵਿਦਿਆਰਥਣ ਦਾ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ‘ਚ ਕਾਲਜ ਦੇ ਡਾਇਰੈਕਟਰ ਤੇ ਸਾਬਕਾ ਮੰਤਰੀ ਸਵਾਮੀ ਚਿੰਮੀਆਨੰਦ ‘ਤੇ ਜਿਣਸੀ ਸੋਸ਼ਣ, ਡਰਾਉਣ-ਧਮਕਾਉਣ ਜਿਹੇ ਗੰਭੀਰ ਇਲਜ਼ਾਮ ਲਾਏ ਹਨ। ਵਿਦਿਆਰਥਣ ਦਾ ਕਹਿਣਾ ਹੈ ਕਿ ਉਸ ਦੇ ਪਰਿਵਾਰ ਨੂੰ ਜਾਨ ਦਾ ਖ਼ਤਰਾ ਹੈ। 24 ਅਗਸਤ ਨੂੰ ਸੋਸ਼ਲ ਮੀਡੀਆ ‘ਤੇ ਜਿਣਸੀ ਸੋਸ਼ਣ ਤੋਂ ਸੰਬਧਨ ਵੀਡੀਓ ਪਾਉਣ ਤੋਂ ਬਾਅਦ ਵਿਦਿਆਰਥਣ ਗਾਇਬ ਹੈ।

ਉਧਰ ਰਾਸ਼ਟਰੀ ਮਹਿਲਾ ਕਮਿਸ਼ਨ ਨੇ ਯੂਪੀ ਦੇ ਡੀਜੀਪੀ ਨੂੰ ਇਸ ਮਾਮਲੇ ਦੀ ਜਾਂਚ ਲਈ ਕਿਹਾ ਤੇ ਸਾਰੀ ਰਿਪੋਰਟ ਭੇਜਣ ਨੂੰ ਕਿਹਾ ਹੈ। ਕਮਿਸ਼ਨ ਨੇ ਡੀਜੀਪੀ ਨੂੰ ਕਿਹਾ ਹੈ ਕਿ ਕੁੜੀ ਤੇ ਉਸ ਦੇ ਪਰਿਵਾਰ ਨੂੰ ਸੁਰੱਖਿਅਤ ਕਰ ਉਨ੍ਹਾਂ ਨੂੰ ਸੂਚਿਤ ਕੀਤਾ ਜਾਵੇ। ਇਸ ਗੱਲ ਨੂੰ ਤੈਅ ਕੀਤਾ ਜਾਵੇ ਕਿ ਜਾਂਚ ਤੇਜ਼ੀ ਨਾਲ ਹੋਵੇ।

ਇੰਨਾ ਹੀ ਨਹੀਂ ਬੀਜੇਪੀ ਦੇ ਸਾਬਕਾ ਸਾਂਸਦ ਚਿੰਮੀਆਨੰਦ ‘ਤੇ ਵਿਦਿਆਰਥਣ ਦੇ ਜਿਣਸੀ ਸੋਸ਼ਣ ਦੇ ਇਲਜ਼ਾਮਾਂ ਤੇ ਉਸ ਦੇ ਗਾਇਬ ਹੋਣ ਦਾ ਮਾਮਲਾ ਸੁਪਰੀਮ ਕੋਰਟ ਪਹੁੰਚ ਗਿਆ ਹੈ। ਸੁਪਰੀਮ ਕੋਰਟ ਦੇ ਵਕੀਲਾਂ ਨੇ ਗਰੁੱਪ ਨੇ ਚੀਫ ਜਸਟਿਸ ਨਾਲ ਗੱਲ ਕਰ ਮੁਕੱਦਮਾ ਦਰਜ ਕਰਨ ਲਈ ਪਟੀਸ਼ਨ ਪਾਈ ਸੀ। ਉਨ੍ਹਾਂ ਦਾ ਕਹਿਣਾ ਹੈ ਉਹ ਉਨਾਓ ਮਾਮਲੇ ਜਿਹਾ ਕੋਈ ਦੂਜਾ ਮਾਮਲਾ ਨਹੀਂ ਚਾਹੁੰਦੇ।

ਇਸ ਮਾਮਲੇ ਨੂੰ ਲੈ ਵਿਵਾਦ ਵਧਣ ਤੋਂ ਬਾਅਦ ਚਿੰਮੀਆਨੰਦ ਖਿਲਾਫ ਐਫਆਈਆਰ ਪਹਿਲਾਂ ਹੀ ਦਰਜ ਹੋ ਚੁੱਕੀ ਹੈ। ਸਾਬਕਾ ਮੰਤਰੀ ਖਿਲਾਫ ਧਾਰਾ 364 ਤੇ 506 ਤਹਿਤ ਸ਼ਾਹਜਹਾਂਪੁਰ ‘ਚ ਮਾਮਲਾ ਦਰਜ ਕੀਤਾ ਗਿਆ ਹੈ। ਉਧਰ ਵਿਦਿਆਰਥਣ ਦੇ ਪਿਤਾ ਨੇ ਵੀ 25 ਅਗਸਤ ਨੂੰ ਸ਼ਿਕਾਇਤ ਦਰਜ ਕਰਵਾਈ ਸੀ। ਇਸ ਮੌਕੇ ਪੁਲਿਸ ਨੇ ਸਿਰਫ ਵਿਦਿਆਰਥਣ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ। ਵੀਡੀਓ ਅਪਲੋਡ ਹੋਣ ਤੋਂ ਬਾਅਦ ਵਿਦਿਆਰਥਣ ਆਪਣੇ ਹੋਸਟਲ ਤੋਂ ਗਾਇਬ ਹੈ।