ਨਵੀਂ ਦਿੱਲੀ: ਬੀਜੇਪੀ ਦੇ ਰਾਜ ਸਭਾ ਮੈਂਬਰ ਸੁਬਰਾਮਨੀਅਨ ਸਵਾਮੀ ਨੇ ਜਰਨੈਲ ਸਿੰਘ ਭਿੰਡਰਵਾਲੇ ਬਾਰੇ ਨਵਾਂ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਸਿੱਖ ਫੋਰਮ ਦੇ ਸਮਾਗਮ ਵਿੱਚ ਕਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਵਾਲੇ ਨੇ ਕਦੇ ਵੀ ਖਾਲਿਸਤਾਨ ਦੀ ਮੰਗ ਨਹੀਂ ਸੀ ਕੀਤੀ ਕਿਉਂਕਿ ਜਦੋਂ ਉਹ ਭਿੰਡਰਵਾਲੇ ਨੂੰ ਮਿਲੇ ਸੀ ਤਾਂ ਉਨ੍ਹਾਂ ਇਹ ਖੁਲਾਸਾ ਕੀਤਾ ਸੀ। ਸਵਾਮੀ ਨੇ ਕਿਹਾ ਕਿ ਉਨ੍ਹਾਂ ਨੇ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਇੰਦਰਾ ਗਾਂਧੀ ਸਰਕਾਰ ਨੂੰ ਸਾਕਾ ਨੀਲਾ ਤਾਰਾ ਲਈ ਮਨ੍ਹਾਂ ਕੀਤਾ ਸੀ।

ਫੋਰਮ ਦੇ ਸਕੱਤਰ ਜਨਰਲ ਪ੍ਰਤਾਪ ਸਿੰਘ ਨੇ ਦੱਸਿਆ ਕਿ ਇਸ ਸਮਾਗਮ ਦੌਰਾਨ ਸਵਾਮੀ ਨੇ ਕਿਹਾ ਹੁਣ ਸਾਕਾ ਨੀਲਾ ਤਾਰਾ ਵਾਪਰੇ 30 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ, ਇਸ ਲਈ ਇਸ ਸਾਕੇ ਨਾਲ ਜੁੜੇ ਸਾਰੇ ਸਰਕਾਰੀ ਦਸਤਾਵੇਜ਼ ਸਾਹਮਣੇ ਆਉਣੇ ਚਾਹੀਦੇ ਹਨ ਤਾਂ ਜੋ ਰੂਸ ਸਣੇ ਬਰਤਾਨੀਆ ਦੀ ਇਸ ਸਾਕੇ ਨਾਲ ਜੁੜੀ ਭੂਮਿਕਾ ਸਾਹਮਣੇ ਲਿਆਂਦੀ ਜਾ ਸਕੇ। ਉਹ ਇਸ ਮੁੱਦੇ ਨੂੰ ਲੈ ਕੇ ਸੰਸਦ ਵਿੱਚ ਨਿੱਜੀ ਬਿੱਲ ਵੀ ਪੇਸ਼ ਕਰਨਗੇ।

ਇਸ ਸਮਾਗਮ ਵਿੱਚ ਐਚ.ਐਸ. ਫੂਲਕਾ ਨੇ ਕਿਹਾ ਕਿ ਅਦਾਲਤਾਂ ਵਿੱਚ ਚੱਲ ਰਹੇ ਕਾਂਗਰਸੀ ਆਗੂਆਂ ਸੱਜਣ ਕੁਮਾਰ ਤੇ ਜਗਦੀਸ਼ ਟਾਈਟਲਰ ਨਾਲ ਜੁੜੇ ਮੁਕੱਦਮਿਆਂ ਨੂੰ ਅੰਜਾਮ ਤੱਕ ਪਹੁੰਚਾਉਣ ਵਿੱਚ ਸਹਿਯੋਗ ਦਿੱਤਾ ਜਾਵੇ ਤਾਂ ਜੋ ਦੇਸ਼ ਅੰਦਰ ਇੱਕ ਵਰਗ ਵਿਸ਼ੇਸ਼ ਨੂੰ ਨਿਸ਼ਾਨਾ ਬਣਾ ਕੇ ਹੋ ਰਹੀਆਂ ਅਜਿਹੀਆਂ ਘਟਨਾਵਾਂ ਨੂੰ ਠੱਲ੍ਹ ਪੈ ਸਕੇਗੀ।

ਕਿਰਨ ਮੇਅ ਕੇਲਕਰ ਨੇ ਵੀ ਸਾਕਾ ਨੀਲਾ ਤਾਰਾ ਬਾਰੇ ਆਪਣੇ ਵਿਚਾਰ ਪ੍ਰਗਟਾਏ। ਉਨ੍ਹਾਂ ਕਿਹਾ ਕਿ ਬੁਲਾਰਿਆਂ ਨੇ ਇਹ ਗੱਲ ਉਭਾਰੀ ਕਿ ਸਾਕਾ ਨੀਲਾ ਤਾਰਾ ਨੂੰ ਵਾਪਰਨ ਤੋਂ ਰੋਕਿਆ ਜਾ ਸਕਦਾ ਸੀ ਤੇ ਹੋਰ ਤਰੀਕੇ ਲੱਭ ਕੇ ਸਥਿਤੀ ਸੰਭਾਲੀ ਜਾ ਸਕਦੀ ਸੀ ਪਰ ਕਿਉਂਕਿ ਅਕਾਲੀਆਂ ਵੱਲੋਂ ਐਮਰਜੈਂਸੀ ਦਾ ਤਿੱਖਾ ਵਿਰੋਧ ਕੀਤਾ ਗਿਆ ਸੀ ਜਿਸ ਤੋਂ ਸਿੱਖ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀਆਂ ਅੱਖਾਂ ਵਿੱਚ ਰੜਕਣ ਲੱਗੇ ਸਨ।