ਨਵੀਂ ਦਿੱਲੀ: ਦੇਸ਼ ਵਿੱਚ ਵਧ ਰਹੇ ਪ੍ਰਦੂਸ਼ਣ ਦੇ ਪੱਧਰ ਲਈ ਫਿਕਰਮੰਦ ਹੋਇਆ ਕੌਮੀ ਗਰੀਨ ਟ੍ਰਿਬਿਊਨਲ ਹੁਣ ਹਰਕਤ ਵਿੱਚ ਆ ਗਿਆ ਹੈ। ਦੇਸ਼ ਦੀ ਰਾਜਧਾਨੀ ਵਿੱਚ ਜਿੱਥੇ ਟ੍ਰਿਬਿਊਨਲ ਨੇ ਪ੍ਰਦੂਸ਼ਣ ਪ੍ਰਤੀ ਸਖ਼ਤੀ ਵਰਤੀ ਹੈ, ਉੱਥੇ ਦੇਸ਼ ਦੇ ਹੋਰਾਂ ਹਿੱਸਿਆਂ ਵੱਲ ਵੀ ਧਿਆਨ ਦੇਣਾ ਸ਼ੁਰੂ ਕੀਤਾ ਹੈ। ਇਸੇ ਲਈ ਐਨ.ਜੀ.ਟੀ. ਵੱਲੋਂ ਮਾਤਾ ਵੈਸ਼ਣੋ ਦੇਵੀ ਮੰਦਰ ਭਵਨ ਵਿੱਚ ਇੱਕ ਦਿਨ ਤੋਂ 50 ਹਜ਼ਾਰ ਸ਼ਰਧਾਲੂਆਂ ਨੂੰ ਦਰਸ਼ਨ ਕਰਨ ਦੀ ਆਗਿਆ ਦੇਣ ਦੇ ਹੁਕਮ ਸੁਣਾਏ ਹਨ।
ਆਪਣੇ ਆਦੇਸ਼ਾਂ ਵਿੱਚ ਟ੍ਰਿਬਿਊਨਲ ਨੇ ਸਲਾਹ ਦਿੱਤੀ ਹੈ ਕਿ ਜੇਕਰ ਸ਼ਰਧਾਲੂਆਂ ਦੀ ਗਿਣਤੀ ਇੱਕ ਦਿਨ ਵਿੱਚ 50 ਹਜ਼ਾਰ ਤੋਂ ਵਧਦੀ ਹੈ ਤਾਂ ਉਨ੍ਹਾਂ ਨੂੰ ਕਟੜਾ ਜਾਂ ਅਰਧਕੁਮਾਰੀ ਵਿੱਚ ਹੀ ਰੋਕ ਲਿਆ ਜਾਵੇ। ਐਨ.ਜੀ.ਟੀ. ਨੇ ਆਪਣੇ ਆਦੇਸ਼ ਵਿੱਚ ਕਿਹਾ ਹੈ ਕਿ ਮੰਦਰ ਦੇ ਆਲੇ ਦੁਆਲੇ ਕਿਸੇ ਕਿਸਮ ਦੇ ਨਿਰਮਾਣ 'ਤੇ ਰੋਕ ਲਾ ਦਿੱਤੀ ਗਈ ਹੈ।
ਟ੍ਰਿਬਿਊਨਲ ਨੇ ਵੈਸ਼ਣੋ ਦੇਵੀ ਮੰਦਰ ਨੂੰ ਜਾਣ ਵਾਲੇ ਰਸਤਿਆਂ ਤੇ ਆਲੇ-ਦੁਆਲੇ ਦੇ ਇਲਾਕਿਆਂ 'ਤੇ ਸਖ਼ਤ ਨਿਗਰਾਨੀ ਰੱਖਣ ਦੇ ਹੁਕਮ ਵੀ ਸੁਣਾਏ ਹਨ। ਬੀਤੇ ਸਾਲ ਵੀ ਟ੍ਰਿਬਿਊਨਲ ਨੇ ਸ਼੍ਰੀ ਮਾਤਾ ਵੈਸ਼ਣੋ ਦੇਵੀ ਸ਼੍ਰਾਈਨ ਬੋਰਡ ਨੂੰ ਨੋਟਿਸ ਜਾਰੀ ਕੀਤਾ ਸੀ ਕਿ ਉਹ ਕੂੜੇ ਦੇ ਨਿਪਟਾਰੇ ਤੇ ਸੀਵਰੇਜ ਟ੍ਰੀਟਮੈਂਟ ਪਲਾਂਟ ਬਾਰੇ ਵਿਸਥਾਰਤ ਰਿਪੋਰਟ ਸੌਂਪੇ।