ਨਵੀਂ ਦਿੱਲੀ: ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਦੀ ਤਿੰਨ ਮੈਂਬਰੀ ਟੀਮ ਭਾਰਤ ਵਿੱਚ ਅਸ਼ਾਂਤੀ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਖਾਲਿਸਤਾਨ ਪੱਖੀ ਸਮੂਹਾਂ ਲਈ ਫੰਡਿੰਗ ਰੂਟਾਂ ਦੀ ਜਾਂਚ ਕਰਦੇ ਹੋਏ ਸ਼ੁੱਕਰਵਾਰ ਨੂੰ ਕੈਨੇਡਾ ਜਾ ਪਹੁੰਚੀ।

ਆਪਣੇ ਚਾਰ ਦਿਨਾਂ ਦੌਰੇ ਦੌਰਾਨ, ਇੰਸਪੈਕਟਰ ਜਨਰਲ ਰੈਂਕ ਦੇ ਅਧਿਕਾਰੀ ਦੀ ਅਗਵਾਈ ਵਾਲੀ ਇਹ ਟੀਮ, ਕੈਨੇਡੀਅਨ ਅਧਿਕਾਰੀਆਂ ਨਾਲ ਸਿੱਖਸ ਫਾਰ ਜਸਟਿਸ (SFJ), ਬੱਬਰ ਖਾਲਸਾ ਇੰਟਰਨੈਸ਼ਨਲ (BKI), ਖਾਲਿਸਤਾਨ ਜ਼ਿੰਦਾਬਾਦ ਫੋਰਸ (KZF) ਤੇ ਖਾਲਿਸਤਾਨ ਟਾਈਗਰ ਫੋਰਸ (KTF) ਸਮੇਤ ਅਜਿਹੇ ਸਮੂਹਾਂ ਵਿਰੁੱਧ ਆਪਣੀ ਜਾਂਚ ਦੇ ਨਤੀਜਿਆਂ ਬਾਰੇ ਚਰਚਾ ਕਰੇਗੀ।

ਸੂਤਰਾਂ ਮੁਤਾਬਕ ਟੀਮ ਭਾਰਤ ਵਿਰੋਧੀ ਗਤੀਵਿਧੀਆਂ ਨਾਲ ਸਬੰਧਤ ਜਾਣਕਾਰੀ ਨੂੰ ਤੇਜ਼ੀ ਨਾਲ ਸਾਂਝਾ ਕਰਨ ਲਈ ਆਪਸੀ ਕਾਨੂੰਨੀ ਸਹਾਇਤਾ ਸੰਧੀ ਨੂੰ ਲਾਗੂ ਕਰਨ ਲਈ ਦਬਾਅ ਪਾਉਣ ਦੀ ਕੋਸ਼ਿਸ਼ ਕਰੇਗੀ। ਕੈਨੇਡਾ ਤੋਂ ਇਲਾਵਾ, ਜਾਂਚ ਏਜੰਸੀ ਨੂੰ ਯੂਕੇ, ਅਮਰੀਕਾ, ਆਸਟ੍ਰੇਲੀਆ, ਫਰਾਂਸ ਅਤੇ ਜਰਮਨੀ ਤੋਂ ਫੰਡਿੰਗ ਰੂਟਾਂ ਦੇ ਵੇਰਵਿਆਂ ਬਾਰੇ ਪਤਾ ਲੱਗਾ ਹੈ।

ਇਸ ਸਾਲ ਦੇ ਸ਼ੁਰੂ ਵਿਚ, ਜਦੋਂ ਕੇਂਦਰੀ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੇ ਗਣਤੰਤਰ ਦਿਵਸ  26 ਜਨਵਰੀ 'ਤੇ ਦਿੱਲੀ ਵੱਲ ਮਾਰਚ ਕੀਤਾ ਸੀ, ਤਾਂ SFJ ਨੇ ਲਾਲ ਕਿਲੇ 'ਤੇ ਖਾਲਿਸਤਾਨੀ ਝੰਡਾ ਲਹਿਰਾਉਣ ਵਾਲੇ ਲਈ 2.5 ਲੱਖ ਡਾਲਰ (ਲਗਪਗ 1.85 ਕਰੋੜ ਰੁਪਏ) ਇਨਾਮ ਦਾ ਐਲਾਨ ਕੀਤਾ ਸੀ। SFJ ਦੇ ਗੁਰਪਤਵੰਤ ਸਿੰਘ ਪੰਨੂ ਨੇ, ਇੱਕ ਕਥਿਤ ਵੀਡੀਓ ਵਿੱਚ, ਪ੍ਰਦਰਸ਼ਨਾਂ ਨੂੰ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਸੀ।

ਪਿਛਲੇ ਸਾਲ ਦਸੰਬਰ ਵਿੱਚ, ਸਰਕਾਰ ਨੇ ਪੰਨੂੰ, KTF ਦੇ ਪਰਮਜੀਤ ਸਿੰਘ ਪੰਮਾ ਅਤੇ ਹਰਦੀਪ ਸਿੰਘ ਨਿੱਝਰ ਨੂੰ ਗੈਰ-ਕਾਨੂੰਨੀ ਗਤੀਵਿਧੀਆਂ ਰੋਕੂ ਐਕਟ (UAPA) ਦੇ ਤਹਿਤ "ਅੱਤਵਾਦੀ" ਐਲਾਨ ਕੀਤਾ ਸੀ, ਜਿਸ ਤੋਂ ਬਾਅਦ ਐਨਆਈਏ ਨੇ ਉਨ੍ਹਾਂ ਵਿਰੁੱਧ ਐਫਆਈਆਰ ਦਰਜ ਕੀਤੀ ਸੀ।


 


 


ਇਹ ਵੀ ਪੜ੍ਹੋ: New Technology: ਐਕਸੀਡੈਂਟ ਤੋਂ ਪਹਿਲਾਂ ਹੀ ਡਰਾਈਵਰ ਨੂੰ ਮਿਲੇਗਾ ਅਲਰਟ, ਟਾਲਿਆ ਜਾ ਸਕੇਗਾ ਹਾਦਸਾ


ਇਹ ਵੀ ਪੜ੍ਹੋ: ਸ਼ਰਾਬ ਇੰਝ ਕਰਦੀ ਮਰਦਾਂ ਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਪ੍ਰਭਾਵਿਤ