ਨਵੀਂ ਦਿੱਲੀ : ਸੀਨੀਅਰ ਨਾਗਰਿਕਾਂ ਨੂੰ ਰੇਲ ਕਿਰਾਏ 'ਤੇ ਮਿਲਣ ਵਾਲੀ ਰਿਆਇਤ ਛੱਡਣ ਲਈ ਸ਼ੁਰੂ ਕੀਤੀ ਗਈ 'ਗਿਵ ਅਪ' ਯੋਜਨਾ ਕਾਫ਼ੀ ਸਫ਼ਲ ਰਹੀ ਹੈ। ਇਸ ਦੇ ਤਹਿਤ ਨੌਂ ਲੱਖ ਤੋਂ ਜ਼ਿਆਦਾ ਸੀਨੀਅਰ ਨਾਗਰਿਕਾਂ ਨੇ ਸਵੈ ਇੱਛਾ ਨਾਲ ਟਿਕਟਾਂ 'ਤੇ ਰਿਆਇਤ ਛੱਡ ਦਿੱਤੀ। ਇਸ ਨਾਲ ਰੇਲਵੇ ਨੂੰ ਕਰੀਬ 40 ਕਰੋੜ ਰੁਪਏ ਦੀ ਬਚਤ ਕਰਨ 'ਚ ਮਦਦ ਮਿਲੀ।
ਰਿਆਇਤ ਛੱਡਣ ਦੀ ਯੋਜਨਾ ਪਿਛਲੇ ਸਾਲ ਸ਼ੁਰੂ ਕੀਤੀ ਗਈ ਸੀ। ਇਸ ਦੇ ਤਹਿਤ ਸੀਨੀਅਰ ਨਾਗਰਿਕਾਂ ਨੂੰ ਇਹ ਬਦਲ ਦਿੱਤਾ ਗਿਆ ਸੀ ਕਿ ਉਹ ਰੇਲਵੇ ਟਿਕਟ 'ਤੇ ਮਿਲਣ ਵਾਲੀ ਪੂਰੀ ਰਿਆਇਤ ਦਾ ਲਾਭ ਉਠਾਉਣ ਜਾਂ ਉਸ ਨੂੰ ਛੱਡ ਦੇਣ। ਇਸ ਯੋਜਨਾ 'ਚ ਇਸ ਸਾਲ ਇਕ ਨਵਾਂ ਬਦਲ ਜੋੜਿਆ ਗਿਆ ਹੈ। ਇਸ 'ਚ ਸੀਨੀਅਰ ਨਾਗਰਿਕ 50 ਫ਼ੀਸਦੀ ਤਕ ਦੀ ਰਿਆਇਤ ਛੱਡ ਸਕਦੇ ਹਨ।
ਯੋਜਨਾ ਤਹਿਤ ਇਸ ਸਾਲ 22 ਜੁਲਾਈ ਤੋਂ 22 ਅਕਤੂਬਰ ਵਿਚਕਾਰ 2.16 ਲੱਖ ਮਰਦਾਂ ਤੇ 2.67 ਲੱਖ ਔਰਤਾਂ ਨੇ ਪੂਰੀ ਰਿਆਇਤ ਛੱਡ ਦਿੱਤੀ। ਜਦਕਿ 2.51 ਲੱਖ ਮਰਦਾਂ ਤੇ 2.05 ਲੱਖ ਅੌਰਤਾਂ ਨੇ 50 ਫ਼ੀਸਦੀ ਛੋਟ ਦਾ ਲਾਭ ਲੈਣ ਦਾ ਫ਼ੈਸਲਾ ਕੀਤਾ। ਇਸ ਤਰ੍ਹਾਂ ਤਿੰਨ ਮਹੀਨਿਆਂ 'ਚ 60 ਸਾਲ ਤੋਂ ਵੱਧ ਉਮਰ ਦੇ ਕੁੱਲ 9.39 ਲੱਖ ਯਾਤਰੀਆਂ ਨੇ ਆਪਣੀ ਰਿਆਇਤ ਛੱਡੀ।
ਇਸੇ ਸਮੇਂ ਦੌਰਾਨ ਪਿਛਲੇ ਸਾਲ 4.68 ਲੱਖ ਸੀਨੀਅਰ ਨਾਗਰਿਕਾਂ ਨੇ ਰਿਆਇਤ ਛੱਡੀ ਸੀ। ਰੇਲ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, 'ਅੰਕੜਿਆਂ ਤੋਂ ਜਾਹਿਰ ਹੁੰਦਾ ਹੈ ਕਿ ਰਿਆਇਤ ਛੱਡਣ ਵਾਲੇ ਲੋਕਾਂ ਦੀ ਗਿਣਤੀ ਇਕ ਸਾਲ 'ਚ ਦੁੱਗਣੀ ਹੋ ਗਈ ਹੈ। ਇਹ ਰੇਲਵੇ ਲਈ ਚੰਗੀ ਖ਼ਬਰ ਹੈ।'
ਸੀਨੀਅਰ ਨਾਗਰਿਕ ਸ਼ੇ੫ਣੀ 'ਚ ਟਿਕਟਾਂ 'ਤੇ ਛੋਟ ਦੇਣ ਨਾਲ ਰੇਲਵੇ 'ਤੇ 1300 ਕਰੋੜ ਰੁਪਏ ਦਾ ਭਾਰ ਪੈਂਦਾ ਹੈ। ਇਸ ਨੂੰ ਘੱਟ ਕਰਨ ਦੇ ਇਰਾਦੇ ਨਾਲ ਰਿਆਇਤ ਛੱਡਣ ਦੀ ਯੋਜਨਾ ਸ਼ੁਰੂ ਕੀਤੀ ਗਈ ਹੈ।