ਓਟਾਵਾ: ਪੀਐਨਬੀ ਤੋਂ 13 ਹਜ਼ਾਰ ਕਰੋੜ ਰੁਪਏ ਦਾ ਘਪਲਾ ਸਾਹਮਣੇ ਆਉਣ ਦੇ ਬਾਅਦ ਵੀ ਹੀਰਾ ਵਪਾਰੀ ਨੀਰਵ ਮੋਦੀ ਦੀ ਧੋਖਾਧੜੀ ਜਾਰੀ ਹੈ। ਅਖਬਾਰ ਦੱਖਣੀ ਚਾਈਨਾ ਮਾਰਨਿੰਗ ਪੋਸਟ ਦੀ ਖ਼ਬਰ ਵਿੱਚ ਇਹ ਦਾਅਵਾ ਕੀਤਾ ਗਿਆ ਹੈ। ਨੀਰਵ ਮੋਦੀ ’ਤੇ ਇਲਜ਼ਾਮ ਹੈ ਕਿ ਉਸ ਨੇ ਇਸੇ ਸਾਲ ਅਪਰੈਲ ਵਿੱਚ ਕੈਨੇਡੀਅਨ ਨਾਗਰਿਕ ਨਾਲ ਵੀ ਘਪਲਾ ਕੀਤਾ ਹੈ। ਕੈਨੇਡਾ ਦੇ ਪੌਲ ਅਲਫੌਂਸੋ ਨੇ ਨੀਰਵ ਮੋਦੀ ਖਿਲਾਫ ਕੈਲੀਫੋਰਨੀਆ ਦੀ ਅਦਾਲਤ ਵਿੱਚ ਮਾਮਲਾ ਦਰਜ ਕਰਵਾਇਆ ਹੈ ਜਿਸ ਦੀ ਸੁਣਵਾਈ ਅਗਲੇ ਸਾਲ ਜਨਵਰੀ ਵਿੱਚ ਹੋਏਗੀ।

ਜਾਣਕਾਰੀ ਮੁਤਾਬਕ ਅਲਫੌਂਸੋ ਨੂੰ ਨੀਰਵ ਮੋਦੀ ਨੇ 2 ਲੱਖ ਡਾਲਰ ਯਾਨੀ 1.47 ਕਰੋੜ ਰੁਪਏ ਵਿੱਚ ਨਕਲੀ ਹੀਰੇ ਦੀਆਂ ਦੋ ਮੁੰਦਰੀਆਂ ਵੇਚ ਦਿੱਤੀਆਂ। ਉਸ ਨੇ ਇਹ ਮੁੰਦਰੀਆਂ ਆਪਣੇ ਮੰਗਣੇ ਲਈ ਖਰੀਦੀਆਂ ਸੀ। ਜਦੋਂ ਉਸ ਦੀ ਪ੍ਰੇਮਿਕਾ ਨੂੰ ਪਤਾ ਲੱਗਾ ਕਿ ਮੁੰਦਰੀਆਂ ਨਕਲੀ ਹੀਰੇ ਦੀਆਂ ਸੀ ਤਾਂ ਉਸ ਨੇ ਕੁੜਮਾਈ ਤੋੜ ਦਿੱਤੀ।

ਇਸੇ ਸਾਲ ਅਗਸਤ ਵਿੱਚ, ਅਲਫੌਂਸੋ ਦੀ ਮੰਗੇਤਰ ਨੇ ਮੰਗਣੀ ਬਾਅਦ ਬਾਜ਼ਾਰ ਤੋਂ ਜਦੋਂ ਮੁੰਦਰੀਆਂ ਦੀ ਜਾਂਚ ਕਰਾਈ ਤਾਂ ਉਸ ਨੂੰ ਪਤਾ ਲੱਗਾ ਕਿ ਹੀਰੇ ਜਾਅਲੀ ਹਨ। ਇਸ ਤੋਂ ਬਾਅਦ ਅਲਫੌਂਸੋ ਨੂੰ ਨੀਰਵ ਮੋਦੀ ਦੇ ਪੀਐਨਬੀ ਘਪਲੇ ਬਾਰੇ ਪਤਾ ਲੱਗਾ। ਅਲਫੌਂਸੋ ਮੁਤਾਬਕ ਉਸ ਦੀ ਮੰਗੇਤਰ ਨੇ ਉਸ ਨੂੰ ਕਿਹਾ ਕਿ ਉਹ ਇੰਨਾ ਚਲਾਕ ਆਦਮੀ ਹੈ, ਫਿਰ ਵੀ ਉਸ ਨੇ ਬਿਨ੍ਹਾਂ ਹੀਰੇ ਦੀ ਪਰਖ ਕੀਤੇ ਮੋਦੀ ਨੂੰ ਦੋ ਲੱਖ ਡਾਲਰ ਦੇ ਦਿੱਤੇ। ਇਸ ਲਈ ਉਹ ਮੂਰਖ ਬੰਦੇ ਨਾਲ ਨਹੀਂ ਰਹਿ ਸਕਦੀ।

ਕੁੜਮਾਈ ਟੁੱਟਣ ਤੋਂ ਬਾਅਦ ਅਲਫੌਂਸੋ ਨੇ 13 ਅਗਸਤ ਨੂੰ ਨੀਰਵ ਨੂੰ ਈਮੇਲ ਕੀਤਾ। ਉਸ ਨੇ ਨੀਰਵ ਨੂੰ ਲਿਖਿਆ ਕਿ ਉਸ ਦੀਆਂ ਨਕਲੀ ਹੀਰੇ ਦੀਆਂ ਮੁੰਦਰੀਆਂ ਕਾਰਨ ਉਸ ਦੀ ਜ਼ਿੰਦਗੀ ਤਬਾਹ ਹੋ ਗਈ ਹੈ। ਹੁਣ ਅਲਫੌਂਸੋ ਨੇ ਕੈਲੀਫੋਰਨੀਆ ਦੀ ਸੁਪੀਰੀਅਰ ਅਦਾਲਤ ਵਿੱਚ ਨੀਰਵ ਮੋਦੀ ਖਿਲਾਫ 30.66 ਕਰੋੜ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ। ਇਸ ਮਾਮਲੇ ਦੀ ਸੁਣਵਾਈ ਜਨਵਰੀ 2019 ਵਿੱਚ ਹੋਵੇਗੀ। ਨੀਰਵ ਇਸੇ ਸਾਲ ਜਨਵਰੀ ਤੋਂ ਲੰਡਨ ਵਿੱਚ ਰਹਿ ਰਿਹਾ ਹੈ।