ਨਾਗਪੁਰ: ਅਧਿਕਾਰੀਆਂ ਦੇ ਕੰਮ ਵਿੱਚ ਦੇਰੀ ਕਾਰਨ ਕੇਂਦਰੀ ਟ੍ਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਦਾ ਗੁੱਸਾ ਸਬੰਧਤ ਅਧਿਕਾਰੀਆਂ ’ਤੇ ਭੜਕ ਪਿਆ। ਉਨ੍ਹਾਂ ਕਿਹਾ ਕਿ ਦੇਰੀ ਲਈ ਜ਼ਿੰਮੇਵਾਰ ਅਧਿਕਾਰੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਧਿਕਾਰੀਆਂ ਦੀ ਦੇਰੀ ਸਿਸਟਮ ਨੂੰ ਪ੍ਰਭਾਵਤ ਕਰਦੀ ਹੈ ਅਤੇ ਸਿਸਟਮ ਸੁਸਤ ਹੋ ਜਾਂਦਾ ਹੈ।
ਨਿਤਿਨ ਗਡਕਰੀ ਸੜਕ ਸੁਰੱਖਿਆ ਨਾਲ ਜੁੜੇ ਇੱਕ ਪ੍ਰੋਗਰਾਮ ਵਿੱਚ ਬੋਲ ਰਹੇ ਸਨ। ਕੁਝ ਸੁਸਤ ਅਤੇ ਢਿੱਲੇ ਅਧਿਕਾਰੀਆਂ 'ਤੇ ਵਰ੍ਹਦਿਆਂ ਗਡਕਰੀ ਨੇ ਕਿਹਾ,"ਮੈਨੂੰ ਉਹ ਅਧਿਕਾਰੀ ਪਸੰਦ ਹਨ ਜੋ ਨਤੀਜੇ ਦਿੰਦੇ ਹਨ, ਢਿੱਲੇ ਅਧਿਕਾਰੀਆਂ ਨੂੰ ਡੰਡਾ ਮਾਰਨ ਦਾ ਕੰਮ ਮੇਰੇ 'ਤੇ ਛੱਡ ਦੇਣਾ ਚਾਹੀਦਾ ਹੈ।"
ਸੁਸਤ ਅਧਿਕਾਰੀਆਂ 'ਤੇ ਭੜਕੇ ਨਿਤਿਨ ਗਡਕਰੀ
ਨਿਤਿਨ ਗਡਕਰੀ ਨੇ ਕਿਹਾ ਕਿ 'ਉਸ ਸਿਸਟਮ ਨੂੰ ਉਖਾੜ ਦਿਓ ਜੋ ਕੰਮ ਨਹੀਂ ਕਰਦਾ, ਡੰਡਾ ਮਾਰਨ ਦਾ ਕੰਮ ਮੇਰੇ 'ਤੇ ਛੱਡ ਦਿਓ, ਜੇ ਕੋਈ ਢਿੱਲ ਵਰਤੇਗਾ, ਤਾਂ ਮੈਂ ਉਸ ਨੂੰ ਠੋਕੇ ਬਿਨਾ ਨਹੀਂ ਛੱਡਾਂਗਾ’। ਨਾਗਪੁਰ ਵਿੱਚ ਕੋਰੋਨਾ ਮਹਾਂਮਾਰੀ ਦੌਰਾਨ ਹਾਦਸਿਆਂ ਦੀ ਵਧੀ ਗਿਣਤੀ ਵੱਲ ਇਸ਼ਾਰਾ ਕਰਦਿਆਂ ਨਿਤਿਨ ਗਡਕਰੀ ਨੇ ਇਸ ਨੂੰ ਆਪਣੇ ਤੇ ਅਧਿਕਾਰੀਆਂ ਲਈ ਇੱਕ ਚੰਗਾ ਸੰਕੇਤ ਨਹੀਂ ਕਿਹਾ। ਇਸ ਮੁੱਦੇ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਣਾ ਚਾਹੀਦਾ ਹੈ। ਗਡਕਰੀ ਨੇ ਕਿਹਾ,'' ਸਾਡੀ ਤਰਜੀਹ ਇਸ ਗੱਲ 'ਤੇ ਹੋਣੀ ਚਾਹੀਦੀ ਹੈ ਕਿ ਹਾਦਸਿਆਂ ਨੂੰ ਕਿਵੇਂ ਰੋਕਿਆ ਜਾਵੇ।
ਕਿਹਾ- ਕੁੱਟਣ ਦਾ ਕੰਮ ਮੇਰੇ ’ਤੇ ਛੱਡੋ
ਸਬੰਧਤ ਮੰਤਰੀ ਹੋਣ ਦੇ ਨਾਤੇ, ਮੈਂ ਵੀ ਇਸ ਵਿੱਚ ਅਸਫਲ ਰਿਹਾ। ਪਰ, ਅਧਿਕਾਰੀਆਂ ਖਾਸ ਕਰਕੇ ਨਾਗਪੁਰ ਦੇ ਇੰਜੀਨੀਅਰਾਂ ਅਤੇ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ ਨੂੰ ਤੁਰੰਤ ਵਿਸ਼ਲੇਸ਼ਣ ਕਰਨਾ ਚਾਹੀਦਾ ਹੈ ਕਿ ਕੋਈ ਹਾਦਸਾ ਕਿਉਂ ਵਾਪਰਿਆ ਪਰ ਉਨ੍ਹਾਂ ਵਿੱਚ ਇਸ ਸਬੰਧੀ ਸੰਵੇਦਨਸ਼ੀਲਤਾ ਅਤੇ ਪਹਿਲ ਕਰਨ ਦੀ ਘਾਟ ਹੈ। ਉਨ੍ਹਾਂ ਨੂੰ ਵਧੇਰੇ ਸੰਵੇਦਨਸ਼ੀਲ ਹੋਣਾ ਚਾਹੀਦਾ ਹੈ ਅਤੇ ਦੁਰਘਟਨਾਵਾਂ ਨੂੰ ਰੋਕਣ ਲਈ ਉਪਰਾਲੇ ਕਰਨੇ ਚਾਹੀਦੇ ਹਨ ਅਤੇ ਨਾਗਪੁਰ ਵਿੱਚ ਹਰ ਸਾਲ ਸੜਕ ਹਾਦਸਿਆਂ ’ਚ 250 ਲੋਕਾਂ ਦੀ ਜਾਨ ਚਲੀ ਜਾਂਦੀ ਹੈ।