ਨਵੀਂ ਦਿੱਲੀ: ਪਾਕਿਸਤਾਨ ਦੇ ਬਾਲਾਕੋਟ ਵਿੱਚ ਭਾਰਤੀ ਹਵਾਈ ਫ਼ੌਜ ਵੱਲੋਂ ਕੀਤੀ ਗਈ ਏਅਰ ਸਟ੍ਰਾਈਕ ਵਿੱਚ ਕਿੰਨੇ ਅੱਤਵਾਦੀਆਂ ਦੀ ਮੌਤ ਹੋਈ? ਇਹ ਸਵਾਲ ਕਾਫੀ ਉੱਠ ਰਿਹਾ ਹੈ, ਹੁਣ ਸ਼ਹੀਦਾਂ ਦੇ ਪਰਿਵਾਰ ਵੀ ਇਹ ਸਵਾਲ ਕਰ ਰਹੇ ਹਨ। ਸੱਤਾਧਾਰੀ ਧਿਰ ਵੀ ਇਸ 'ਤੇ ਵੱਖ-ਵੱਖ ਅੰਕੜੇ ਪੇਸ਼ ਕਰ ਰਹੀ ਹੈ। ਹੈਰਾਨੀ ਦੀ ਗੱਲ ਹੈ ਕਿ ਕਿਸੇ ਨੂੰ ਵੀ ਇਸ ਬਾਰੇ ਸਹੀ ਜਾਣਕਾਰੀ ਨਹੀਂ ਹੈ।

ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਮਾਰੇ ਗਏ ਅੱਤਵਾਦੀਆਂ ਦੀ ਗਿਣਤੀ 'ਤੇ ਕਿਹਾ ਕਿ ਵਿਦੇਸ਼ ਸਕੱਤਰ ਵਿਜੈ ਗੋਖਲੇ ਨੇ ਹਵਾਈ ਹਮਲੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਨਹੀਂ ਦੱਸੀ ਸੀ ਤੇ ਸਰਕਾਰ ਦਾ ਪੱਖ ਰੱਖਣ ਵਾਲਾ ਬਿਆਨ ਦੇ ਦਿੱਤਾ ਸੀ। ਗੋਖਲੇ ਨੇ ਕਿਹਾ ਸੀ ਕਿ ਇਸ ਗ਼ੈਰ ਫ਼ੌਜੀ ਕਾਰਵਾਈ ਵਿੱਚ ਵੱਡੀ ਗਿਣਤੀ 'ਚ ਅੱਤਵਾਦੀ ਮਾਰੇ ਗਏ, ਜਿਸ ਵਿੱਚ ਸਿਖਲਾਈ ਦੇਣ ਵਾਲੇ ਤੇ ਸਿਖਰਲੇ ਕਮਾਂਡਰ ਵੀ ਸ਼ਾਮਲ ਸਨ।

ਭਾਰਤੀ ਹਵਾਈ ਫ਼ੌਜ ਦੇ ਮੁਖੀ ਬੀਐਸ ਧਨੋਆ ਨੇ ਚਾਰ ਮਾਰਚ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਕਾਰਵਾਈ ਵਿੱਚ ਮੌਤਾਂ ਦੀ ਗਿਣਤੀ ਸਰਕਾਰ ਦੱਸੇਗੀ ਕਿਉਂਕਿ ਸਾਡਾ ਕੰਮ ਨਿਸ਼ਾਨੇ ਨੂੰ ਸਹੀ ਥਾਂ ਲਾਉਣਾ ਹੁੰਦਾ ਹੈ। ਉੱਧਰ, ਬੀਜੇਪੀ ਦੇ ਪ੍ਰਧਾਨ ਅਮਿਤ ਸ਼ਾਹ ਨੇ ਪਿਛਲੇ ਦਿਨੀਂ ਅਹਿਮਦਾਬਾਦ ਵਿੱਚ ਕਿਹਾ ਸੀ ਕਿ ਏਅਰ ਸਟ੍ਰਾਈਕ ਵਿੱਚ 250 ਤੋਂ ਵੱਧ ਅੱਤਵਾਦੀਆਂ ਦੀ ਮੌਤ ਹੋਈ ਸੀ। ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਸਲਾਹ ਦਿੱਤੀ ਸੀ ਕਿ ਇਸ ਦਾ ਅੰਦਾਜ਼ਾ ਨਹੀਂ ਲਾਇਆ ਜਾਣਾ ਚਾਹੀਦਾ।

ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਬੀਤੇ ਦਿਨੀ ਕਿਹਾ ਸੀ ਕਿ ਅਜਿਹੇ ਸਵਾਲ ਹਥਿਆਰਬੰਦ ਫ਼ੌਜਾਂ ਦੇ ਹੌਸਲੇ ਘਟਾਉਂਦੇ ਹਨ, ਪਰ ਉਹ ਜਲਦ ਹੀ ਅੱਤਵਾਦੀਆਂ ਦੀ ਅਸਲ ਗਿਣਤੀ ਦੱਸ ਦੇਣਗੇ। ਉਨ੍ਹਾਂ ਦਾਅਵਾ ਕੀਤਾ ਕਿ ਕੌਮੀ ਤਕਨੀਕੀ ਖੋਜ ਸੰਗਠਨ (ਐਨਟੀਆਰਓ) ਨੇ ਬੰਬ ਸੁੱਟਣ ਤੋਂ ਪਹਿਲਾਂ ਦਹਿਸ਼ਤਗਰਦਾਂ ਦੇ ਟਿਕਾਣੇ 'ਤੇ 300 ਮੋਬਾਈਲ ਫ਼ੋਨ ਚੱਲ ਰਹੇ ਸਨ।

ਉੱਧਰ, ਵਿਦੇਸ਼ ਰਾਜ ਮੰਤਰੀ ਵੀਕੇ ਸਿੰਘ ਨੇ ਵੀ 250 ਤੋਂ ਵੱਧ ਅੱਤਵਾਦੀਆਂ ਦੇ ਮਾਰੇ ਜਾਣ ਦੀ ਗੱਲ ਕਹੀ ਸੀ। ਉਨ੍ਹਾਂ ਧਮਕੀ ਭਰੇ ਲਹਿਜ਼ੇ ਵਿੱਚ ਇਹ ਵੀ ਕਿਹਾ ਸੀ ਕਿ ਜੋ ਅਜਿਹੇ ਸਵਾਲ ਪੁੱਛਦੇ ਹਨ ਉਨ੍ਹਾਂ ਨੂੰ ਅਗਲੀ ਵਾਰ ਜਹਾਜ਼ ਦੇ ਨਾਲ ਬੰਨ੍ਹ ਕੇ ਲਿਜਾਇਆ ਜਾਣਾ ਚਾਹੀਦਾ ਹੈ ਤਾਂ ਜੋ ਉਹ ਮੌਤਾਂ ਦੀ ਗਿਣਤੀ ਕਰ ਸਕਣ।