Noida News : ਨੋਇਡਾ ਦੇ ਥਾਣਾ ਫੇਜ਼-1 ਅਧੀਨ ਪੈਂਦੇ ਸੈਕਟਰ-8 ਵਿੱਚ ਐਤਵਾਰ ਤੜਕੇ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਦਰਅਸਲ ਸਿਲੰਡਰ ਫਟਣ ਨਾਲ ਘਰ 'ਚ ਅੱਗ ਲੱਗ ਗਈ, ਜਿਸ 'ਚ 12 ਸਾਲਾ ਲੜਕਾ ਅਤੇ 12 ਦਿਨਾਂ ਦੀ ਬੱਚੀ ਜ਼ਿੰਦਾ ਸੜ ਗਈ ਹੈ। ਇਸ ਦੇ ਨਾਲ ਹੀ ਗੰਭੀਰ ਰੂਪ ਨਾਲ ਝੁਲਸੇ ਪਰਿਵਾਰ ਦੇ 4 ਮੈਂਬਰਾਂ ਨੂੰ ਦਿੱਲੀ ਦੇ ਸਫਦਰਜੰਗ ਹਸਪਤਾਲ ਭੇਜਿਆ ਗਿਆ ਹੈ। 


 

ਪੁਲਿਸ ਅਨੁਸਾਰ ਐਤਵਾਰ ਤੜਕੇ ਕਰੀਬ 2:52 ਵਜੇ ਸੈਕਟਰ-8 ਡੀ-221 ਸਥਿਤ ਇੱਕ ਪੱਕੀ ਝੁੱਗੀ ਝੌਂਪੜੀ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਇਸ ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ 2 ਗੱਡੀਆਂ ਪਹੁੰਚ ਗਈਆਂ। ਘਰੇਲੂ ਗੈਸ ਸਿਲੰਡਰ ਫਟਣ ਕਾਰਨ ਪਰਿਵਾਰ ਦੇ 6 ਲੋਕ ਝੁਲਸ ਗਏ, ਜਿਨ੍ਹਾਂ ਨੂੰ ਪੁਲਿਸ ਮੁਲਾਜ਼ਮਾਂ ਨੇ ਤੁਰੰਤ ਜ਼ਿਲਾ ਹਸਪਤਾਲ ਨਿਠਾਰੀ ਵਿਖੇ ਭੇਜ ਦਿੱਤਾ। ਇਸ ਦੇ ਨਾਲ ਹੀ ਜ਼ਿਲਾ ਹਸਪਤਾਲ 'ਚ ਇਲਾਜ ਦੌਰਾਨ 12 ਸਾਲਾ ਲੜਕੇ ਅਤੇ 12 ਦਿਨਾਂ ਦੀ ਬੱਚੀ ਨੂੰ ਡਾਕਟਰ ਨੇ ਮ੍ਰਿਤਕ ਐਲਾਨ ਦਿੱਤਾ ਹੈ। ਓਥੇ ਹੀ ਮੁੱਢਲੀ ਜਾਂਚ 'ਚ ਪੁਲਿਸ ਨੇ ਅੱਗ ਲੱਗਣ ਦਾ ਕਾਰਨ ਗੈਸ ਸਿਲੰਡਰ 'ਚ ਲੀਕਜ ਦੱਸਿਆ ਹੈ। 

 


 

ਦਰਅਸਲ ਪੁਲਸ ਨੂੰ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਕਿ ਸੈਕਟਰ-8 ਸਥਿਤ ਪਾਵਰ ਹਾਊਸ ਨੇੜੇ ਜੇਜੇ ਕਾਲੋਨੀ 'ਚ ਗੈਸ ਸਿਲੰਡਰ ਫਟਣ ਕਾਰਨ ਅੱਗ ਲੱਗ ਗਈ। ਇਸ ’ਤੇ ਥਾਣਾ ਇੰਚਾਰਜ ਨੇ ਪੁਲੀਸ ਫੋਰਸ ਅਤੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਸਮੇਤ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ। ਘਟਨਾ 'ਚ ਜ਼ਖਮੀ ਹੋਏ ਲੋਕਾਂ ਦੀ ਪਛਾਣ ਰਿਜ਼ਵਾਨ ਉਮਰ 37 ਸਾਲ, ਸ਼ਬਾਨਾ ਉਮਰ 32 ਸਾਲ, ਅਹਾਦ ਉਮਰ 6 ਸਾਲ, ਰੇਹਾਨ ਉਮਰ 12 ਸਾਲ, ਅਰੀਵਾ ਉਮਰ 12 ਦਿਨ ਅਤੇ ਨਿਸ਼ਾ ਉਮਰ 20 ਸਾਲ ਵਜੋਂ ਹੋਈ ਹੈ।

ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ  

 

ਇਸ ਦੇ ਨਾਲ ਹੀ ਜ਼ਖਮੀਆਂ ਨੂੰ ਜ਼ਿਲਾ ਹਸਪਤਾਲ ਨਿਠਾਰੀ ਲਿਜਾਇਆ ਗਿਆ ਹੈ, ਜਿੱਥੇ ਡਾਕਟਰਾਂ ਨੇ ਰੇਹਾਨ ਅਤੇ ਅਰੀਵਾ ਨੂੰ ਮ੍ਰਿਤਕ ਐਲਾਨ ਦਿੱਤਾ ਹੈ। ਦੂਜੇ ਜ਼ਖਮੀਆਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਦਿੱਲੀ ਦੇ ਸਫਦਰਜੰਗ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਫਿਲਹਾਲ ਉੱਚ ਅਧਿਕਾਰੀਆਂ ਸਮੇਤ ਪੁਲਸ ਫੋਰਸ ਮੌਕੇ 'ਤੇ ਮੌਜੂਦ ਹੈ। ਦੂਜੇ ਪਾਸੇ ਰਿਸ਼ਤੇਦਾਰ ਫੈਜ਼ਾਨ ਵੱਲੋਂ ਦਿੱਤੀ ਤਹਿਰੀਕ ਦੇ ਆਧਾਰ ’ਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।