Noida Twin Tower Demolition:  ਨੋਇਡਾ ਦੇ ਸੈਕਟਰ-93-ਏ ਸਥਿਤ ਦੋ ਗੈਰ-ਕਾਨੂੰਨੀ ਟਾਵਰਾਂ ਨੂੰ ਐਤਵਾਰ ਦੁਪਹਿਰ 2.30 ਵਜੇ ਧਮਾਕੇ ਨਾਲ ਢਾਹ ਦਿੱਤਾ ਜਾਵੇਗਾ। ਇਸ ਪੂਰੀ ਪ੍ਰਕਿਰਿਆ ਵਿੱਚ 10 ਤੋਂ 12 ਸਕਿੰਟ ਦਾ ਸਮਾਂ ਲੱਗੇਗਾ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਟਾਵਰ ਨੂੰ ਢਾਹੁਣ ਲਈ ਜੈੱਟ ਡੈਮੋਲਿਸ਼ਨ, ਐਡਫ਼ਿਸ ਇੰਜਨੀਅਰਿੰਗ ਅਤੇ ਸੀਬੀਆਰਆਈ ਦੀ ਟੀਮ ਨੇ ਸ਼ਨੀਵਾਰ ਨੂੰ ਟਾਵਰ ਦੇ ਅੰਦਰ ਵਿਸਫੋਟਕ ਨਾਲ ਜੁੜੀਆਂ ਤਾਰਾਂ ਦੀ ਜਾਂਚ ਅਤੇ 'ਟਰਿੱਗਰ' ਦਬਾਉਣ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ। ਨੋਇਡਾ ਅਥਾਰਟੀ ਅਤੇ ਪੁਲਿਸ ਅਧਿਕਾਰੀਆਂ ਨੇ ਪੂਰੀ ਵਿਵਸਥਾ ਕਰ ਲਈ ਹੈ।



ਸੈਕਟਰ-93-ਏ ਵਿੱਚ ਬਣੇ 103 ਮੀਟਰ ਉੱਚੇ ਐਪੈਕਸ ਅਤੇ 97 ਮੀਟਰ ਉੱਚੇ ਸਾਇਨ ਟਾਵਰ ਨੂੰ ਢਾਹੁਣ ਲਈ ਵੱਖ-ਵੱਖ ਮੰਜ਼ਿਲਾਂ ’ਤੇ 3700 ਕਿਲੋ ਵਿਸਫੋਟਕ ਲਾਇਆ ਗਿਆ ਹੈ। ਸੁਰੱਖਿਆ ਕਾਰਨਾਂ ਕਰਕੇ ਐਮਰਲਡ ਕੋਰਟ ਅਤੇ ਨਾਲ ਲੱਗਦੀਆਂ ਸੁਸਾਇਟੀਆਂ ਦੇ ਫਲੈਟ ਖਾਲੀ ਕਰਵਾਏ ਜਾਣਗੇ। ਇਸ ਤੋਂ ਇਲਾਵਾ ਤਿੰਨ ਹਜ਼ਾਰ ਦੇ ਕਰੀਬ ਵਾਹਨ ਅਤੇ 200 ਪਾਲਤੂ ਜਾਨਵਰ ਵੀ ਬਾਹਰ ਕੱਢੇ ਜਾਣਗੇ। ਐਡਫਿਸ ਇੰਜਨੀਅਰਿੰਗ ਦੇ ਪ੍ਰਾਜੈਕਟ ਮੈਨੇਜਰ ਮਯੂਰ ਮਹਿਤਾ ਨੇ ਦੱਸਿਆ ਕਿ ਪੁਲੀਸ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਦੁਪਹਿਰ 2.30 ਵਜੇ ‘ਟਰਿੱਗਰ’ ਦਬਾ ਦਿੱਤਾ ਜਾਵੇਗਾ।


ਨੋਇਡਾ-ਗ੍ਰੇਟਰ ਨੋਇਡਾ ਐਕਸਪ੍ਰੈਸਵੇਅ 2:15 ਤੋਂ 2:45 ਤੱਕ ਬੰਦ ਰਹੇਗਾ
ਡੀਸੀਪੀ (ਟਰੈਫਿਕ) ਗਣੇਸ਼ ਪੀ ਸਾਹਾ ਨੇ ਦੱਸਿਆ ਕਿ ਦੇਰ ਰਾਤ ਡਾਇਵਰਸ਼ਨ ਨੂੰ ਲਾਗੂ ਕਰਨ ਦਾ ਕੰਮ ਮੁਕੰਮਲ ਕਰ ਲਿਆ ਗਿਆ। ਨੋਇਡਾ-ਗ੍ਰੇਟਰ ਨੋਇਡਾ ਐਕਸਪ੍ਰੈਸਵੇਅ ਦੁਪਹਿਰ 2:15 ਤੋਂ ਦੁਪਹਿਰ 2:45 ਤੱਕ ਬੰਦ ਰਹੇਗਾ।



ਉਨ੍ਹਾਂ ਦੱਸਿਆ ਕਿ ਜੇਕਰ ਐਕਸਪ੍ਰੈਸ ਵੇਅ ਦੇ ਪਾਸੇ ਧੂੜ ਦਾ ਗੁਬਾਰ ਛਾਇਆ ਰਹਿੰਦਾ ਹੈ ਤਾਂ ਇਸ ਨੂੰ ਕੁਝ ਹੋਰ ਸਮੇਂ ਲਈ ਬੰਦ ਰੱਖਿਆ ਜਾ ਸਕਦਾ ਹੈ। ਐਕਸਪ੍ਰੈਸਵੇਅ ਦੇ ਬੰਦ ਹੋਣ ਦੀ ਸੂਚਨਾ ਕਰੀਬ ਪੌਣੇ ਘੰਟੇ ਪਹਿਲਾਂ ਗੂਗਲ ਮੈਪ 'ਤੇ ਆਉਣੀ ਸ਼ੁਰੂ ਹੋ ਜਾਵੇਗੀ, ਅਜਿਹੇ 'ਚ ਗੂਗਲ ਮੈਪ ਰਾਹੀਂ ਬਦਲਵਾਂ ਰਸਤਾ ਵੀ ਦੱਸਿਆ ਜਾਵੇਗਾ।



ਡੀਸੀਪੀ (ਸੈਂਟਰਲ) ਰਾਜੇਸ਼ ਐਸ ਨੇ ਦੱਸਿਆ ਕਿ ਕਰੀਬ 400 ਪੁਲਿਸ ਮੁਲਾਜ਼ਮਾਂ ਦੇ ਨਾਲ ਪੀਏਸੀ ਅਤੇ ਐਨਡੀਆਰਐਫ ਦੇ ਜਵਾਨ ਵੀ ਤਾਇਨਾਤ ਕੀਤੇ ਜਾਣਗੇ। ਮੁੱਖ ਮੈਡੀਕਲ ਅਫ਼ਸਰ (ਸੀਐਮਓ) ਡਾ: ਸੁਨੀਲ ਸ਼ਰਮਾ ਨੇ ਦੱਸਿਆ ਕਿ ਛੇ ਐਂਬੂਲੈਂਸਾਂ ਮੌਕੇ 'ਤੇ ਰਹਿਣਗੀਆਂ ਅਤੇ ਜ਼ਿਲ੍ਹਾ ਹਸਪਤਾਲ ਦੇ ਨਾਲ-ਨਾਲ ਫੇਲਿਕਸ ਅਤੇ ਰਿਐਲਿਟੀ ਹਸਪਤਾਲ ਵਿੱਚ ਬੈੱਡ ਰਾਖਵੇਂ ਰੱਖੇ ਗਏ ਹਨ।



ਨੋਇਡਾ ਅਥਾਰਟੀ ਦੀ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਰਿਤੂ ਮਹੇਸ਼ਵਰੀ ਨੇ ਕਿਹਾ ਕਿ ਦੋਵਾਂ ਟਾਵਰਾਂ ਤੋਂ ਲਗਭਗ 60 ਹਜ਼ਾਰ ਟਨ ਮਲਬਾ ਨਿਕਲੇਗਾ। ਇਸ ਵਿੱਚੋਂ ਕਰੀਬ 35 ਹਜ਼ਾਰ ਟਨ ਮਲਬੇ ਦਾ ਨਿਪਟਾਰਾ ਕੀਤਾ ਜਾਵੇਗਾ। ਸਵੀਪਿੰਗ ਮਸ਼ੀਨ, ਐਂਟੀ ਸਮੋਗ ਗੰਨ ਅਤੇ ਵਾਟਰ ਸਪ੍ਰਿੰਕਲਰ ਮਸ਼ੀਨ ਨਾਲ ਢਾਹੁਣ ਤੋਂ ਬਾਅਦ ਦੀ ਧੂੜ ਸਾਫ਼ ਕਰਨ ਲਈ ਸਟਾਫ਼ ਉੱਥੇ ਮੌਜੂਦ ਰਹੇਗਾ।