ਨਵੀਂ ਦਿੱਲੀ: ਕੌਮੀ ਰਾਜਧਾਨੀ ਦਿੱਲੀ ਦੀ ਰੋਹਿਣੀ ਕੋਰਟ ਵਿੱਚ ਦਿਨ-ਦਿਹਾੜੇ ਗੈਂਗਸਟਰ ਜਿਤੇਂਦਰ ਗੋਗੀ ਦਾ ਗੋਲੀਆਂ ਮਾਰ ਕਤਲ ਕਰ ਦਿੱਤਾ ਗਿਆ। ਗੈਂਗਸਟਰ ਗੋਗੀ ਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕ ਰੋਹਿਣੀ ਕੋਰਟ ਵਿੱਚ ਪੇਸ਼ੀ ਲਈ ਆਇਆ ਸੀ।



ਇਹ ਗੈਂਗਵਾਰ ਰੋਹਿਣੀ ਕੋਰਟ ਦੇ ਕਮਰਾ ਨੰਬਰ-207 ਅੰਦਰ ਹੋਈ ਸੀ। ਹਾਲਾਂਕਿ ਪੁਲਿਸ ਨੇ ਮੌਕੇ 'ਤੇ ਜਵਾਬੀ ਕਾਰਵਾਈ ਕਰਦਿਆਂ ਹਮਲਾਵਰ ਨੂੰ ਵੀ ਮਾਰ ਦਿੱਤਾ। ਗੋਲੀਬਾਰੀ ਵਿੱਚ ਤਿੰਨ ਤੋਂ ਚਾਰ ਲੋਕ ਜ਼ਖਮੀ ਵੀ ਹੋਏ ਹਨ। ਪੁਲਿਸ ਨੇ ਜ਼ਖਮੀਆਂ ਨੂੰ ਹਸਪਤਾਲ ਭਰਤੀ ਕਰਵਾ ਦਿੱਤਾ ਹੈ।

ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਮੁਕਾਬਲੇ ਵਿੱਚ ਟਿੱਲੂ ਗੈਂਗ ਦੇ ਦੋ ਬਦਮਾਸ਼ ਮਾਰੇ ਗਏ ਹਨ। ਇਹ ਦੋਵੇਂ ਬਦਮਾਸ਼ ਵਕੀਲ ਦਾ ਭੇਸ 'ਚ ਰੋਹਿਣੀ ਅਦਾਲਤ ਵਿੱਚ ਦਾਖਲ ਹੋਏ ਸਨ। ਉਨ੍ਹਾਂ ਨੇ ਜਤਿੰਦਰ ਗੋਗੀ ਨੂੰ ਗੋਲੀ ਮਾਰੀ। ਪੁਲਿਸ ਅਜੇ ਟਿੱਲੂ ਗੈਂਗ ਦੇ ਦੋਵਾਂ ਬਦਮਾਸ਼ਾਂ ਦੇ ਨਾਵਾਂ ਦੀ ਤਸਦੀਕ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਪੁਰਾਣੀ ਰੰਜਿਸ਼ ਸੀ। ਰਾਜਧਾਨੀ 'ਚ ਵਾਪਰੀ ਇਸ ਘਟਨਾ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਤੇ ਸੁਰੱਖਿਆ ਵਿਵਸਥਾ 'ਤੇ ਸਵਾਲ ਉੱਠ ਰਹੇ ਹਨ।

ਕੌਣ ਸੀ ਜਿਤੇਂਦਰ ਗੋਗੀ?
ਜਿਤੇਂਦਰ ਗੋਗੀ ਨੂੰ ਦਿੱਲੀ ਦੇ ਚੋਟੀ ਦੇ ਗੈਂਗਸਟਰਾਂ ਵਿੱਚ ਗਿਣਿਆ ਜਾਂਦਾ ਸੀ। ਦਿੱਲੀ ਪੁਲਿਸ ਨੇ ਉਸ 'ਤੇ ਚਾਰ ਲੱਖ ਰੁਪਏ ਦਾ ਇਨਾਮ ਵੀ ਰੱਖਿਆ ਸੀ। ਹਰਿਆਣਾ ਪੁਲਿਸ ਨੇ ਉਸ 'ਤੇ ਢਾਈ ਲੱਖ ਰੁਪਏ ਦਾ ਇਨਾਮ ਵੀ ਰੱਖਿਆ ਸੀ। ਦਿੱਲੀ ਦੇ ਨਰੇਲਾ ਇਲਾਕੇ ਵਿੱਚ ਇੱਕ ਸਥਾਨਕ ਨੇਤਾ ਵਰਿੰਦਰ ਮਾਨ ਦੀ ਹੱਤਿਆ ਵਿੱਚ ਗੋਗੀ ਤੇ ਉਸ ਦੇ ਸਾਥੀ ਸ਼ਾਮਲ ਸਨ। ਜਿਤੇਂਦਰ ਗੋਗੀ 'ਤੇ ਹਰਿਆਣਾ ਦੀ ਮਸ਼ਹੂਰ ਗਾਇਕਾ ਹਰਸ਼ਿਤਾ ਦਹੀਆ ਦੀ ਹੱਤਿਆ ਦਾ ਵੀ ਦੋਸ਼ ਹੈ। ਦਿੱਲੀ ਅਤੇ ਹਰਿਆਣਾ ਵਰਗੇ ਰਾਜਾਂ ਵਿੱਚ ਇਹ ਗੈਂਗਸਟਰ ਪੁਲਿਸ ਦੇ ਨਿਸ਼ਾਨੇ ਤੇ ਸੀ।


 


 


ਇਹ ਵੀ ਪੜ੍ਹੋ: ਸ਼ਰਾਬ ਇੰਝ ਕਰਦੀ ਮਰਦਾਂ ਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਪ੍ਰਭਾਵਿਤ