ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੇ ਨਤੀਜੇ ਆ ਚੁੱਕੇ ਹਨ। ਇਨ੍ਹਾਂ ਚੋਣਾਂ ਵਿੱਚ 36 ਪਾਰਟੀਆਂ ਦੇ ਕੁੱਲ 542 ਮੈਂਬਰ ਚੁਣੇ ਗਏ ਹਨ। ਇਨ੍ਹਾਂ ਵਿੱਚੋਂ ਸਿਰਫ 27 ਨੇਤਾ ਮੁਸਲਿਮ ਭਾਈਚਾਰੇ ਨਾਲ ਸਬੰਧ ਰੱਖਦੇ ਹਨ। ਸਾਲ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਬੀਜੇਪੀ ਦੀ ਟਿਕਟ 'ਤੇ ਇੱਕ ਵੀ ਮੁਸਲਮਾਨ ਨੇਤਾ ਨਹੀਂ ਸੀ ਚੁਣਿਆ ਗਿਆ ਜਦਕਿ ਇਸ ਵਾਰ 303 ਐਮਪੀਜ਼ ਵਿੱਚੋਂ ਸੱਤ ਮੁਸਲਮਾਨ ਸੰਸਦ ਮੈਂਬਰ ਚੁਣੇ ਗਏ ਹਨ।


ਇਨ੍ਹਾਂ ਚੋਣ ਵਿੱਚ ਜਿੱਤ ਹਾਸਲ ਕਰਨ ਵਾਲੇ ਵੱਡੇ ਨੇਤਾਵਾਂ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਗੱਲ ਸ਼੍ਰੀਨਗਰ ਦੀ। ਇੱਥੋਂ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੇ ਜਿੱਤ ਦਰਜ ਕੀਤੀ ਹੈ। ਪੰਜਾਬ ਵਿੱਚ ਵੀ ਉੱਘੇ ਲੋਕ ਗਾਇਕ ਮੁਹੰਮਦ ਸਦੀਕ ਨੇ ਵੀ ਕਾਂਗਰਸ ਦੀ ਟਿਕਟ 'ਤੇ ਜਿੱਤ ਦਰਜ ਕੀਤੀ। ਉੱਤਰ ਪ੍ਰਦੇਸ਼ ਦੇ ਰਾਮਪੁਰ ਤੋਂ ਆਜ਼ਮ ਖ਼ਾਨ, ਹੈਦਰਾਬਾਤ ਤੋਂ ਅਸੁਦੁੱਦੀਨ ਓਵੈਸੀ ਤੇ ਅਸਮ ਦੇ ਧੁਬਰੀ ਤੋਂ ਲੋਕ ਸਭਾ ਸੀਟ ਤੋਂ ਆਲ ਇੰਡੀਆ ਯੂਨਾਈਟਿਡ ਡੈਮੋਕ੍ਰੈਟਿਕ ਫਰੰਟ (ਏਆਈਯੂਡੀਐਫ) ਦੇ ਬਦਰੂਦੀਨ ਅਜਮਲ ਨੇ ਵੀ ਜਿੱਤ ਦਰਜ ਕੀਤੀ। ਬਾਰਪੇਟਾ ਤੋਂ ਕਾਂਗਰਸ ਉਮੀਦਵਾਰ ਅਬਦੁਲ ਖ਼ਾਲਿਕ ਜਿੱਤੇ।

ਬਿਹਾਰ ਦੇ ਖਗੜਿਆ ਤੋਂ ਐਲਜੇਪੀ ਦੀ ਟਿਕਟ 'ਤੇ ਚੌਧਰੀ ਮਹਿਬੂਬ ਅਲੀ ਕੈਸਰ ਜਿੱਤੇ। ਕਿਸ਼ਨਗੰਜ ਸੀਟ ਤੋਂ ਕਾਂਗਰਸ ਦੀ ਟਿਕਟ 'ਤੇ ਡਾ. ਮੁਹੰਮਦ ਜਾਵੇਦ ਜਿੱਤੇ। ਜੰਮੂ ਕਸ਼ਮੀਰ ਦੀਆਂ ਤਿੰਨ ਸੀਟਾਂ 'ਤੇ ਮੁਸਲਿਮ ਉਮੀਦਵਾਰ ਜਿੱਤੇ। ਫਾਰੂਕ ਅਬਦੁੱਲਾ ਤੋਂ ਇਲਾਵਾ ਬਾਰਾਮੂਲਾ ਸੀਟ ਤੋਂ ਮੁਹੰਮਦ ਅਕਬਰ ਲੋਕ ਨੈਸ਼ਨਲ ਕਾਨਫਰੰਸ ਦੇ ਟਿਕਟ 'ਤੇ ਜਿੱਤੇ। ਅਨੰਤਨਾਗ ਸੀਟ ਤੋਂ ਹਸਨੈਨ ਮਸੂਦੀ ਨੈਸ਼ਨਲ ਕਾਨਫਰੰਸ ਦੇ ਟਿਕਟ 'ਤੇ ਜਿੱਤੇ। ਉੱਧਰ, ਯੂਪੀ ਤੇ ਪੱਛਮੀ ਬੰਗਾਲ ਵਿੱਚ 12 ਮੁਸਲਮਾਨ ਐਮਪੀ ਚੁਣੇ ਗਏ ਹਨ।

ਇਸ ਸਮੇਂ ਸੰਸਦ ਵਿੱਚ ਮੁਸਲਿਮ ਮੈਂਬਰਾਂ ਦੀ ਸ਼ਮੂਲੀਅਤ ਪੰਜ ਫੀਸਦ ਤੋਂ ਵੀ ਘੱਟ ਹੈ ਜਦਕਿ ਦੇਸ਼ ਦੀ ਕੁੱਲ ਜਨਸੰਖਿਆ ਵਿੱਚ ਭਾਈਚਾਰਾ 14 ਫ਼ੀਸਦ ਦਾ ਹਿੱਸਾ ਪਾਉਂਦਾ ਹੈ। 16ਵੀਂ ਲੋਕ ਸਭਾ ਵਿੱਚ 23 ਮੁਸਲਿਮ ਸੰਸਦ ਮੈਂਬਰ ਚੁਣੇ ਗਏ ਸਨ ਤੇ ਇਸ ਵਾਰ ਪਿਛਲੀ ਵਾਰ ਨਾਲੋਂ ਦੋ ਮੁਸਲਿਮ ਮੈਂਬਰ ਵੱਧ ਚੁਣੇ ਗਏ ਹਨ।