ਨਵੀਂ ਦਿੱਲੀ: ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ (AIMIM) ਦੇ ਮੁਖੀ ਅਸਦੁਦੀਨ ਓਵੈਸੀ ਨੇ ਪੈਗੰਬਰ ਮੁਹੰਮਦ ਖ਼ਿਲਾਫ਼ ਕਥਿਤ ਇਤਰਾਜ਼ਯੋਗ ਟਿੱਪਣੀ ਲਈ ਮੁਅੱਤਲ ਭਾਜਪਾ ਬੁਲਾਰਾ ਨੂਪੁਰ ਸ਼ਰਮਾ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ। ਨਾਲ ਹੀ ਕਿਹਾ ਕਿ ਨੂਪੁਰ ਖਿਲਾਫ ਭਾਰਤ ਦੇ ਕਾਨੂੰਨ ਮੁਤਾਬਕ ਕਾਰਵਾਈ ਹੋਣੀ ਚਾਹੀਦੀ ਹੈ। ਓਵੈਸੀ ਨੇ ਅੱਗੇ ਕਿਹਾ ਕਿ ਨੂਪੁਰ ਸ਼ਰਮਾ ਨੂੰ ਜਲਦੀ ਹੀ ਇੱਕ ਵੱਡੇ ਨੇਤਾ ਵਜੋਂ ਪੇਸ਼ ਕੀਤਾ ਜਾਵੇਗਾ ਅਤੇ ਉਹ ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ਦੀ ਦਾਅਵੇਦਾਰ ਵੀ ਬਣ ਸਕਦੀ ਹੈ।
ਓਵੈਸੀ ਨੇ ਕਿਹਾ, 'ਨੂਪੁਰ ਸ਼ਰਮਾ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ ਅਤੇ ਭਾਰਤ ਦੇ ਕਾਨੂੰਨ ਮੁਤਾਬਕ ਉਸ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਮੈਨੂੰ ਪਤਾ ਹੈ ਕਿ ਆਉਣ ਵਾਲੇ ਛੇ-ਸੱਤ ਮਹੀਨਿਆਂ ਵਿੱਚ ਨੂਪੁਰ ਸ਼ਰਮਾ ਇੱਕ ਵੱਡੀ ਲੀਡਰ ਬਣ ਜਾਵੇਗੀ। ਇਹ ਵੀ ਸੰਭਾਵਨਾ ਹੈ ਕਿ ਨੂਪੁਰ ਸ਼ਰਮਾ ਨੂੰ ਦਿੱਲੀ ਦੀ ਸੀਐਮ ਉਮੀਦਵਾਰ ਬਣਾਇਆ ਜਾ ਸਕਦਾ ਹੈ।ਓਵੈਸੀ ਨੇ ਇਹ ਵੀ ਕਿਹਾ ਕਿ ਤੇਲੰਗਾਨਾ ਦੇ ਮੁੱਖ ਮੰਤਰੀ ਨੂੰ ਨੂਪੁਰ ਸ਼ਰਮਾ ਨੂੰ ਗ੍ਰਿਫਤਾਰ ਕਰਕੇ ਤੇਲੰਗਾਨਾ ਲਿਆਉਣਾ ਚਾਹੀਦਾ ਹੈ।
ਓਵੈਸੀ ਨੇ 'ਬੁਲਡੋਜ਼ਰ ਮੁਹਿੰਮ' ਨੂੰ ਲੈ ਕੇ ਉੱਤਰ ਪ੍ਰਦੇਸ਼ ਸਰਕਾਰ 'ਤੇ ਵੀ ਨਿਸ਼ਾਨਾ ਸਾਧਿਆ। ਓਵੈਸੀ ਨੇ ਕਿਹਾ, 'ਪ੍ਰਯਾਗਰਾਜ 'ਚ ਆਫਰੀਨ ਫਾਤਿਮਾ ਦਾ ਘਰ ਢਾਹਿਆ ਗਿਆ, ਤੁਸੀਂ ਕਿਉਂ ਢਾਹਿਆ? ਕਿਉਂਕਿ ਉਸਦੇ ਪਿਤਾ ਨੇ ਵਿਰੋਧ ਪ੍ਰਦਰਸ਼ਨ ਕੀਤਾ ਸੀ। ਕੌਣ ਫੈਸਲਾ ਕਰੇਗਾ? ਅਦਾਲਤ ਤੈਅ ਕਰੇਗੀ ਅਤੇ ਅਦਾਲਤ ਉਸ ਦੀ ਪਤਨੀ ਅਤੇ ਬੱਚਿਆਂ ਨੂੰ ਸਜ਼ਾ ਨਹੀਂ ਦੇਵੇਗੀ। ਇਸ ਤੋਂ ਪਹਿਲਾਂ ਮਹਾਰਾਸ਼ਟਰ ਕਾਂਗਰਸ ਦੇ ਨੇਤਾ ਨਸੀਮ ਖਾਨ ਨੇ ਵੀ ਨੂਪੁਰ ਸ਼ਰਮਾ ਅਤੇ ਭਾਜਪਾ ਨੇਤਾ ਨਵੀਨ ਕੁਮਾਰ ਜਿੰਦਲ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਕੀਤੀ ਸੀ।
ਦੱਸ ਦੇਈਏ ਕਿ ਪਿਛਲੇ ਮਹੀਨੇ ਨੂਪੁਰ ਸ਼ਰਮਾ ਨੇ ਇੱਕ ਟੀਵੀ ਡਿਬੇਟ ਵਿੱਚ ਪੈਗੰਬਰ ਮੁਹੰਮਦ ਬਾਰੇ ਕਥਿਤ ਤੌਰ 'ਤੇ ਵਿਵਾਦਿਤ ਟਿੱਪਣੀ ਕੀਤੀ ਸੀ। ਕੁੱਝ ਦਿਨਾਂ ਬਾਅਦ ਪੰਜਾਬ, ਦਿੱਲੀ, ਮਹਾਰਾਸ਼ਟਰ, ਗੁਜਰਾਤ, ਪੱਛਮੀ ਬੰਗਾਲ, ਝਾਰਖੰਡ ਅਤੇ ਉੱਤਰ ਪ੍ਰਦੇਸ਼ ਸਮੇਤ ਵੱਖ-ਵੱਖ ਰਾਜਾਂ ਵਿੱਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋਏ। ਉੱਤਰ ਪ੍ਰਦੇਸ਼, ਪੱਛਮੀ ਬੰਗਾਲ ਅਤੇ ਝਾਰਖੰਡ ਵਿੱਚ ਇਹ ਪ੍ਰਦਰਸ਼ਨ ਹਿੰਸਕ ਹੋ ਗਿਆ। ਰਾਂਚੀ ਵਿੱਚ ਹਿੰਸਕ ਪ੍ਰਦਰਸ਼ਨ ਦੌਰਾਨ ਦੋ ਲੋਕਾਂ ਦੀ ਵੀ ਮੌਤ ਹੋ ਗਈ ਸੀ।