ਕੋਲਕਾਤਾ: ਦੁਰਗਾ ਪੂਜਾ ਸਮਾਗਮਾਂ ‘ਚ ਹਿੱਸਾ ਲੈਣ ਦੇ ਲਈ ਮੁਸਲਿਮ ਧਰਮ ਗੁਰੂਆਂ ਦੀ ਆਲੋਚਨਾ ਦਾ ਸ਼ਿਕਾਰ ਹੋਣ ਦੇ ਬਾਅਦ ਵੀ ਤ੍ਰਿਣਮੂਲ ਲੋਕ ਸਭਾ ਸੰਸਦ ਮੈਂਬਰ ਅਤੇ ਅਦਾਕਾਰਾ ਨੁਸਰਤ ਜਹਾਂ ਨੇ ਸ਼ੁੱਕਰਵਾਰ ਨੂੰ ਸ਼ਹਿਰ ਦੇ ਇੱਕ ਪੰਡਾਲ ‘ਚ ‘ਸੰਧੂਰ ਖੇਡ’ ‘ਚ ਹਿੱਸਾ ਲਿਆ। ਇਸ ਮੌਕੇ ਉਸ ਨੇ ਕਿਹਾ ਕਿ ਉਹ ਸਾਰੇ ਧਰਮਾਂ ਦੀ ਇੱਜ਼ਤ ਕਰਦੀ ਹੈ।



ਨੁਸਰਤ ਨੇ ਸ਼ੁੱਕਰਵਾਰ ਸ਼ਾਮ ਨੂੰ ਇੱਥੇ ਇੱਕ ਪੰਡਾਲ ‘ਚ ਆਯੋਜਿਤ ਦੁਸ਼ਹਿਰੇ ਨਾਲ ਜੁੜੀ ਰਸਮ ‘ਚ ਹਿੱਸਾ ਲਿਆ। ਬਿਜਨਸਮੈਨ ਨਿਖਿਲ ਜੈਨ ਨਾਲ ਇਸ ਸਾਲ ਦੀ ਸ਼ੁਰੂਆਤ ‘ਚ ਨੁਸਰਤ ਨੇ ਵਿਆਹ ਕੀਤਾ ਜਿਸ ਤੋਂ ਬਾਅਦ ਉਸ ਨੇ ‘ਮੰਗਲਸੂਤਰ’ ਅਤੇ ਸੰਧੁਰ ਜਿਹੇ ਹਿੰਦੂ ਵਿਆਹ ਦੇ ਪ੍ਰਤੀਕਾਂ ਦਾ ਇਸਤੇਮਾਲ ਕਰਨ ‘ਤੇ ਮੁਸਲਮਾਨ ਖੇਮੇ ਨੇ ਉਸ ਨੂੰ ਨਿਸ਼ਾਨੇ ‘ਤੇ ਲੈ ਲਿਆ ਸੀ।


ਵਿਰੋਧੀਆਂ ਨੇ ਦੁਰਗਾ ਪੂਜਾ ਸਮਾਗਮਾਂ ਚ ਹਿੱਸਾ ਲੈਣ ਲਈ ਵੀ ਇਸ ਹਫਤੇ ਦੀ ਸ਼ੁਰੂਆਤ ‘ਚ ਨੁਸਰਤ ਦੀ ਕਾਫੀ ਆਲੋਚਨਾ ਕੀਤੀ ਸੀ। ‘ਸੰਧੂਰ ਖੇਡ” ਦੀ ਰਸਮ ‘ਚ ਹਿੱਸਾ ਲੈਣ ਬਾਰੇ ਨੁਸਰਤ ਨੇ ਕਿਹਾ, “ਮੈਂ ਰੱਬ ਦੀ ਖਾਸ ਸੰਤਾਨ ਹਾਂ। ਮੈਂ ਮਨੁੱਖਤਾ ਅਤੇ ਪਿਆਰ ਦਾ ਸਨਮਾਨ ਕਰਦੀ ਹਾਂ। ਮੈਂ ਬੇਹੱਦ ਖੁਸ਼ ਹਾਂ ਅਤੇ ਵਿਵਾਦਾਂ ਨਾਲ ਮੈਨੂੰ ਕੋਈ ਫਰਕ ਨਹੀ ਪੈਂਦਾ। ਮੈਂ ਸਾਰੇ ਧਰਮਾਂ ਦਾ ਸਨਮਾਨ ਕਰਦੀ ਹਾਂ ਅਤੇ ਸਾਰੇ ਤਿਓਹਾਰ ਮਨਾਉਂਦੀ ਹਾਂ।”