Kisan Andolan 2.0: ਕਿਸਾਨਾਂ ਨੇ ਫਿਰ ਅੰਦੋਲਨ ਦਾ ਬਿਗੁਲ ਵਜਾ ਦਿੱਤਾ ਹੈ ਪਰ ਇਸ ਵਾਰ ਕਮਾਨ ਨਵੇਂ ਚਿਹਰਿਆਂ ਦੇ ਹੱਥ ਹੈ। ਜਿੱਥੇ ਦੋ ਸਾਲ ਪਹਿਲਾਂ ਸੰਯੁਕਤ ਕਿਸਾਨ ਮੋਰਚਾ ਦੇ ਬੈਨਰ ਹੇਠ ਸੰਘਰਸ਼ ਕਰਨ ਵਾਲੇ ਪਹਿਲੀ ਕਤਾਰ ਦੇ ਕਿਸਾਨ ਆਗੂਆਂ ਦੇ ਚਿਹਰੇ ਬਦਲ ਗਏ ਹਨ, ਉੱਥੇ ਹੀ ਨਵੀਆਂ ਮੰਗਾਂ ਵੀ ਸਾਹਮਣੇ ਆਈਆਂ ਹਨ। ਬੇਸ਼ੱਕ ਪੁਰਾਣੇ ਚਿਹਰਿਆਂ ਨੇ ਅੰਦੋਲਨ ਤੋਂ ਦੂਰੀ ਬਣਾਈ ਹੋਈ ਹੈ ਪਰ ਉਹ ਆਪਣੀ ਹਮਾਇਤ ਦੇ ਰਹੇ ਹਨ।
ਦਰਅਸਲ ਇਸ ਵਾਰ ਪੰਜਾਬ ਦੇ ਉੱਘੇ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ, ਡਾ. ਦਰਸ਼ਨਪਾਲ, ਜੋਗਿੰਦਰ ਸਿੰਘ ਉਗਰਾਹਾਂ ਸਮੇਤ ਕਈ ਚਿਹਰੇ ਮੂਹਰਲੀ ਕਤਾਰ ਵਿੱਚੋਂ ਗਾਇਬ ਹਨ। ਇਸ ਵਾਰ ਜਗਜੀਤ ਸਿੰਘ ਡੱਲੇਵਾਲ, ਸਰਵਣ ਸਿੰਘ ਪੰਧੇਰ ਤੇ ਬੀਕੇਯੂ ਕ੍ਰਾਂਤੀਕਾਰੀ ਨੇ ਕਮਾਨ ਸੰਭਾਲੀ ਹੈ। ਮੰਨਿਆ ਜਾ ਰਿਹਾ ਹੈ ਕਿ ਜਲਦ ਹੀ ਦੂਜੇ ਕਿਸਾਨ ਧੜੇ ਵੀ ਅੰਦੋਲਨ ਵਿੱਚ ਕੁੱਦ ਸਕਦੇ ਹਨ।
ਯਾਦ ਰਹੇ ਪਹਿਲੇ ਕਿਸਾਨ ਅੰਦੋਲਨ ਵੇਲੇ 32 ਕਿਸਾਨ ਜਥੇਬੰਦੀਆਂ ਨੇ ਮਿਲ ਕੇ ਸੰਯੁਕਤ ਕਿਸਾਨ ਮੋਰਚਾ ਦੇ ਬੈਨਰ ਹੇਠ ਸੰਘਰਸ਼ ਕਰ ਕੀਤਾ ਸੀ ਪਰ ਹੁਣ 50 ਦੇ ਕਰੀਬ ਜਥੇਬੰਦੀਆਂ ਨੇ ਮੰਗਲਵਾਰ ਤੋਂ ਸੰਘਰਸ਼ ਦਾ ਬਿਗਲ ਵਜਾਇਆ ਹੈ। 2020-21 ਵਿੱਚ ਕਿਸਾਨਾਂ ਦੀਆਂ 32 ਯੂਨੀਅਨਾਂ ਨੇ ਸੰਯੁਕਤ ਕਿਸਾਨ ਮੋਰਚਾ ਬਣਾਇਆ ਸੀ ਪਰ ਹੁਣ ਸੰਯੁਕਤ ਕਿਸਾਨ ਮੋਰਚਾ (ਪੰਜਾਬ), ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਤੇ ਕਿਸਾਨ ਮਜ਼ਦੂਰ ਮੋਰਚਾ ਸੰਘਰਸ਼ ਇੱਕਜੁੱਟ ਹੋ ਕੇ ਮੈਦਾਨ ਵਿੱਚ ਹਨ। ਇਨ੍ਹਾਂ ਮੰਚਾਂ ਦੇ ਹੇਠ 50 ਦੇ ਕਰੀਬ ਕਿਸਾਨ ਜਥੇਬੰਦੀਆਂ ਹਨ।
ਹਾਸਲ ਜਾਣਕਾਰੀ ਮੁਤਾਬਕ ਇਸ ਵਾਰ ਜਗਜੀਤ ਸਿੰਘ ਡੱਲੇਵਾਲ ਦਾ ਸਾਂਝਾ ਕਿਸਾਨ ਮੋਰਚਾ (ਗੈਰ-ਸਿਆਸੀ) ਤੇ ਕਿਸਾਨ ਮਜ਼ਦੂਰ ਮੋਰਚਾ ਅੰਦੋਲਨ ਦੀ ਅਗਵਾਈ ਕਰ ਰਹੇ ਹਨ। ਐਸਕੇਐਮ ਕਿਸਾਨ ਮਜ਼ਦੂਰ ਮੋਰਚਾ 18 ਕਿਸਾਨਾਂ ਦਾ ਸਮੂਹ ਹੈ ਜਿਸ ਦੇ ਕਨਵੀਨਰ ਸਰਵਣ ਸਿੰਘ ਪੰਧੇਰ ਹਨ। ਦੋਵਾਂ ਗਰੁੱਪਾਂ ਵਿੱਚ ਰਾਜਸਥਾਨ, ਪੰਜਾਬ, ਹਰਿਆਣਾ, ਮੱਧ ਪ੍ਰਦੇਸ਼ ਤੇ ਯੂਪੀ ਦੀਆਂ ਕਿਸਾਨ ਜਥੇਬੰਦੀਆਂ ਸ਼ਾਮਲ ਹਨ।
ਦਰਅਸਲ ਬੀਕੇਯੂ (ਏਕਤਾ ਸਿੱਧੂਪੁਰ) ਦੇ ਜਗਜੀਤ ਸਿੰਘ ਡੱਲੇਵਾਲ ਨੇ ਛੋਟੇ-ਛੋਟੇ ਗਰੁੱਪਾਂ ਨੂੰ ਨਾਲ ਲੈ ਕੇ ਇੱਕ ਸਮਾਨਾਂਤਰ ਸੰਗਠਨ ਐਸਕੇਐਮ (ਗੈਰ-ਸਿਆਸੀ) ਦਾ ਗਠਨ ਕੀਤਾ, ਜਿਸ ਵਿੱਚ ਹਰਿਆਣਾ, ਰਾਜਸਥਾਨ ਤੇ ਐਮਪੀ ਤੋਂ ਕਿਸਾਨ ਗਰੁੱਪ ਵੀ ਸ਼ਾਮਲ ਹਨ। ਐਸਕੇਐਮ (ਗੈਰ-ਸਿਆਸੀ) ਨੇ ਕਿਸਾਨ ਮਜ਼ਦੂਰ ਮੋਰਚਾ ਨਾਲ ਹੱਥ ਮਿਲਾਇਆ ਤੇ ਦਿੱਲੀ ਚਲੋ 2.0 ਦੇ ਨਾਅਰੇ ਨਾਲ ਅੰਮ੍ਰਿਤਸਰ ਤੇ ਬਰਨਾਲਾ ਵਿੱਚ ਰੈਲੀਆਂ ਕੀਤੀਆਂ। ਜਗਜੀਤ ਸਿੰਘ ਡੱਲੇਵਾਲ ਪਹਿਲਾਂ ਯੂਨਾਈਟਿਡ ਕਿਸਾਨ ਮੋਰਚਾ ਦਾ ਹਿੱਸਾ ਸਨ।
ਦੱਸ ਦਈਏ ਕਿ ਇਸ ਵਾਰ ਅੰਦਲੋਨ ਵਿੱਚੋਂ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ, ਬਲਵੀਰ ਸਿੰਘ ਰਾਜੇਵਾਲ, ਜੋਗਿੰਦਰ ਸਿੰਘ ਉਗਰਾਹਾਂ, ਬੀਕੇਯੂ ਲੱਖੋਵਾਲ, ਜਮਹੂਰੀ ਕਿਸਾਨ ਸਭਾ, ਬੀਕੇਯੂ ਡਕੌਂਦਾ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਡਾ: ਦਰਸ਼ਨਪਾਲ ਤੇ ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਗਾਇਬ ਹਨ। ਉਨ੍ਹਾਂ ਨੇ ਇਸ ਵਾਰ ਅੰਦੋਲਨ ਤੋਂ ਆਪਣੇ ਆਪ ਨੂੰ ਦੂਰ ਕਰ ਲਿਆ ਹੈ।
ਦਰਅਸਲ, ਦੋ ਸਾਲਾਂ ਵਿੱਚ ਕਿਸਾਨ ਜਥੇਬੰਦੀਆਂ ਦੇ ਦੋਫਾੜ ਹੋਣ ਤੇ ਨਵੇਂ ਗਠਜੋੜ ਬਣਨ ਨਾਲ ਜ਼ਿਕਰਯੋਗ ਤਬਦੀਲੀਆਂ ਆਈਆਂ ਹਨ। ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਤੋਂ ਬਾਅਦ ਦਸੰਬਰ 2021 ਵਿੱਚ ਕਿਸਾਨਾਂ ਦੇ ਘਰ ਪਰਤਣ ਤੋਂ ਬਾਅਦ ਕਿਸਾਨ ਜਥੇਬੰਦੀਆਂ ਵਿੱਚ ਨਵੇਂ ਗਠਜੋੜ ਤੇ ਵੰਡਾਂ ਉੱਭਰੀਆਂ ਹਨ। ਇਸ ਲਈ ਇਸ ਵਾਰ ਅੰਦਲੋਨ ਦੀ ਕਮਾਨ ਨਵੇਂ ਚਿਹਰਿਆਂ ਹੱਥ ਹੈ।
ਉਧਰ, ਕਿਸਾਨਾਂ ਦੀ ਮੰਗਾਂ ਵੀ ਵਧੀਆਂ ਹਨ। ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਤੋਂ ਇਲਾਵਾ ਕਿਸਾਨ ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕਰਨ, ਕਿਸਾਨਾਂ ਤੇ ਖੇਤ ਮਜ਼ਦੂਰਾਂ ਲਈ ਪੈਨਸ਼ਨ, ਕਿਸਾਨ ਕਰਜ਼ਾ ਮੁਆਫ਼ੀ, ਪੁਲਿਸ ਕੇਸ ਵਾਪਸ ਲੈਣ ਤੇ ਲਖੀਮਪੁਰ ਖੇੜੀ ਹਿੰਸਾ ਦੇ ਪੀੜਤਾਂ ਲਈ 'ਇਨਸਾਫ਼' ਦੀ ਮੰਗ ਵੀ ਕਰ ਰਹੇ ਹਨ। ਦਿੱਲੀ ਅੰਦੋਲਨ ਦੌਰਾਨ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਣ ਦੀ ਵੀ ਮੰਗ ਕੀਤੀ ਗਈ ਹੈ। ਇਸ ਤੋਂ ਇਲਾਵਾ ਕਿਸਾਨਾਂ ਦੀ ਮੰਗ ਹੈ ਕਿ ਪਾਣੀ, ਜੰਗਲ ਤੇ ਜ਼ਮੀਨ 'ਤੇ ਆਦਿਵਾਸੀਆਂ ਦਾ ਹੱਕ ਯਕੀਨੀ ਬਣਾਇਆ ਜਾਵੇ।
ਦਰਅਸਲ ਸਾਲ 2020-21 ਵਿੱਚ ਸੰਯੁਕਤ ਕਿਸਾਨ ਮੋਰਚਾ ਦੇ ਬੈਨਰ ਹੇਠ 32 ਯੂਨੀਅਨਾਂ ਨੇ ਸੰਘਰਸ਼ ਦਾ ਬਿਗੁਲ ਵਜਾਇਆ ਸੀ। ਹੌਲੀ-ਹੌਲੀ ਇਸ ਨਾਲ ਹੋਰ ਜਥੇਬੰਦੀਆਂ ਮਿਲਦੀਆਂ ਗਈਆਂ ਤੇ ਇਸ ਨੇ ਵਿਸ਼ਾਲ ਰੂਪ ਧਾਰ ਲਿਆ। ਹੁਣ ਸੰਯੁਕਤ ਕਿਸਾਨ ਮੋਰਚਾ ਵੱਖ-ਵੱਖ ਸੰਸਥਾਵਾਂ SKM (ਪੰਜਾਬ), SKM (ਗੈਰ-ਸਿਆਸੀ) ਤੇ ਕਿਸਾਨ ਮਜ਼ਦੂਰ ਮੋਰਚਾ ਵਿੱਚ ਵੰਡਿਆ ਗਿਆ ਹੈ।
ਇਸ ਤੋਂ ਇਲਾਵਾ SKM ਅਧੀਨ 22 ਯੂਨੀਅਨਾਂ ਨੇ 25 ਦਸੰਬਰ, 2021 ਨੂੰ ਪੰਜਾਬ ਵਿਧਾਨ ਸਭਾ ਚੋਣਾਂ ਲੜਨ ਦੇ ਇਰਾਦੇ ਨਾਲ ਸੰਯੁਕਤ ਸਮਾਜ ਮੋਰਚਾ (SSM) ਦਾ ਗਠਨ ਕਰ ਲਿਆ। ਬਲਬੀਰ ਸਿੰਘ ਰਾਜੇਵਾਲ ਨੇ ਐਸਐਸਐਮ ਦੀ ਅਗਵਾਈ ਸੰਭਾਲੀ। ਹਾਲਾਂਕਿ, ਪੰਜਾਬ ਦੀਆਂ ਤਿੰਨ ਵੱਡੀਆਂ ਕਿਸਾਨ ਜਥੇਬੰਦੀਆਂ - ਬੀਕੇਯੂ (ਏਕਤਾ ਉਗਰਾਹਾਂ), ਬੀਕੇਯੂ (ਏਕਤਾ ਸਿੱਧੂਪੁਰ) ਤੇ ਬੀਕੇਯੂ (ਏਕਤਾ ਡਕੌਂਦਾ) ਨੇ ਐਸਐਸਐਮ ਵਿੱਚ ਸ਼ਾਮਲ ਨਾ ਹੋਣ ਦਾ ਫੈਸਲਾ ਕੀਤਾ।
ਇਸ ਦੇ ਗਠਨ ਤੋਂ ਥੋੜ੍ਹੀ ਦੇਰ ਬਾਅਦ, ਬਹੁਤ ਸਾਰੀਆਂ ਸੰਸਥਾਵਾਂ ਨੇ SSM ਤੋਂ ਵੱਖ ਹੋਣਾ ਸ਼ੁਰੂ ਕਰ ਦਿੱਤਾ। ਚੋਣਾਂ ਲੜਨ ਦੇ ਫੈਸਲੇ ਦਾ ਵਿਰੋਧ ਹੋਇਆ ਤਾਂ SSM ਟੁੱਟਣ ਲੱਗਾ ਤੇ ਇਹ ਪੰਜ ਗਰੁੱਪਾਂ ਤੱਕ ਸਿਮਟ ਗਿਆ। ਰਾਜੇਵਾਲ ਦੀ ਅਗਵਾਈ ਵਾਲਾ ਇਹ ਧੜਾ ਆਖਰਕਾਰ 15 ਜਨਵਰੀ, 2024 ਨੂੰ ਐਸਕੇਐਮ ਵਿੱਚ ਰਲ ਗਿਆ। ਇਸੇ ਤਰ੍ਹਾਂ ਹਰਿਆਣਾ ਵਿੱਚ ਕਿਸਾਨ ਆਗੂ ਗੁਰਨਾਮ ਚੜੂਨੀ ਨੇ ਇੱਕ ਹੋਰ ਪਾਰਟੀ ਸੰਯੁਕਤ ਸੰਘਰਸ਼ ਪਾਰਟੀ ਦੀ ਸਥਾਪਨਾ ਕਰ ਲਈ।