Omicron Variant Coronavirus: ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦਾ ਇੱਕ ਵਿਅਕਤੀ ਕੋਰੋਨਾ ਵਾਇਰਸ (Coronavirus) ਦੇ ਨਵੇਂ ਰੂਪ 'ਓਮੀਕ੍ਰੋਨ' ਨਾਲ ਸੰਕਰਮਿਤ ਪਾਇਆ ਗਿਆ ਹੈ। ਮਹਾਰਾਸ਼ਟਰ 'ਚ ਇਸ ਵੇਰੀਐਂਟ ਦੀ ਲਾਗ ਦਾ ਇਹ ਪਹਿਲਾ ਤੇ ਦੇਸ਼ 'ਚ ਚੌਥਾ ਮਾਮਲਾ ਹੈ। ਮਹਾਰਾਸ਼ਟਰ 'ਚ ਸਾਹਮਣੇ ਆਏ ਇਸ ਮਾਮਲੇ ਦੇ ਸਬੰਧ 'ਚ ਅਧਿਕਾਰਤ ਸੂਤਰਾਂ ਨੇ ਸ਼ਨੀਵਾਰ ਨੂੰ ਦਿੱਲੀ 'ਚ ਦੱਸਿਆ ਕਿ ਇਹ 33 ਸਾਲਾ ਵਿਅਕਤੀ 23 ਨਵੰਬਰ ਨੂੰ ਦੱਖਣੀ ਅਫ਼ਰੀਕਾ ਤੋਂ ਦੁਬਈ ਦੇ ਰਸਤੇ ਦਿੱਲੀ ਹਵਾਈ ਅੱਡੇ 'ਤੇ ਪਹੁੰਚਿਆ ਸੀ, ਜਿੱਥੇ ਉਸ ਨੇ ਕੋਵਿਡ ਟੈਸਟ ਲਈ ਸੈਂਪਲ ਦਿੱਤਾ ਸੀ। ਇਸ ਤੋਂ ਬਾਅਦ ਉਸ ਨੇ ਮੁੰਬਈ ਲਈ ਫਲਾਈਟ ਫੜੀ।

ਇਸ ਸਬੰਧ 'ਚ ਇੱਕ ਅਧਿਕਾਰਤ ਬਿਆਨ 'ਚ ਕਿਹਾ ਗਿਆ ਹੈ ਕਿ ਵਿਅਕਤੀ ਨੂੰ ਹਲਕਾ ਬੁਖਾਰ ਹੈ, ਪਰ ਉਸ 'ਚ ਕੋਵਿਡ-19 ਦੇ ਹੋਰ ਲੱਛਣ ਨਹੀਂ ਹਨ। ਇਸ ਤੋਂ ਪਹਿਲਾਂ 'ਓਮੀਕ੍ਰੋਨ' ਨਾਲ ਸਬੰਧਤ 2 ਮਾਮਲੇ ਕਰਨਾਟਕ ਤੇ 1 ਗੁਜਰਾਤ 'ਚ ਸਾਹਮਣੇ ਆ ਚੁੱਕੇ ਹਨ। ਮਹਾਰਾਸ਼ਟਰ ਸਿਹਤ ਵਿਭਾਗ ਦੀ ਡਾਇਰੈਕਟਰ ਡਾ. ਅਰਚਨਾ ਪਾਟਿਲ ਨੇ ਮੁੰਬਈ 'ਚ ਪੀਟੀਆਈ-ਭਾਸ਼ਾ ਨੂੰ ਦੱਸਿਆ, "ਕਲਿਆਣ ਡੋਂਬੀਵਲੀ ਨਗਰ ਨਿਗਮ ਖੇਤਰ ਦੇ ਇੱਕ ਵਿਅਕਤੀ ਨੂੰ ਕਰੋਨਾ ਵਾਇਰਸ ਦੇ ਓਮੀਕ੍ਰੋਨ ਰੂਪ ਨਾਲ ਸੰਕਰਮਿਤ ਪਾਇਆ ਗਿਆ ਹੈ। ਸੂਬੇ 'ਚ ਇਹ ਪਹਿਲਾ ਅਧਿਕਾਰਤ ਮਾਮਲਾ ਹੈ।"

ਉਨ੍ਹਾਂ ਕਿਹਾ, "ਉਹ (ਵਿਅਕਤੀ) 4 ਲੋਕਾਂ ਦੇ ਸਮੂਹ ਨਾਲ ਆਇਆ ਸੀ। ਉਨ੍ਹਾਂ ਦੀ ਆਰਟੀ-ਪੀਸੀਆਰ ਜਾਂਚ ਕੀਤੀ ਜਾਵੇਗੀ ਤੇ ਜੀਨੋਮ ਸੀਕਵੈਂਸਿੰਗ ਵੀ ਕੀਤੀ ਜਾਵੇਗੀ। ਮਹਾਰਾਸ਼ਟਰ ਦੇ ਸਿਹਤ ਵਿਭਾਗ ਨੇ ਇੱਕ ਬਿਆਨ 'ਚ ਕਿਹਾ ਕਿ ਕੇਡੀਐਮਸੀ ਖੇਤਰ ਦੇ ਰਹਿਣ ਵਾਲੇ ਇਸ ਸੰਕਰਮਿਤ ਵਿਅਕਤੀ ਨੂੰ ਹੁਣ ਤਕ ਕੋਈ ਵੈਕਸੀਨ ਨਹੀਂ ਲੱਗੀ। ਉਸ ਨੂੰ ਡੋਂਬੀਵਲੀ ਦੇ ਕੇਅਰ ਸੈਂਟਰ 'ਚ ਭਰਤੀ ਕਰਵਾਇਆ ਗਿਆ ਹੈ।

ਦੱਖਣੀ ਅਫ਼ਰੀਕਾ ਤੋਂ ਦੁਬਈ ਤੇ ਦਿੱਲੀ ਦੇ ਰਸਤੇ ਪਰਤਿਆ ਸੀ ਮੁੰਬਈ
ਵਿਭਾਗ ਨੇ ਕਿਹਾ, "ਉਹ 24 ਨਵੰਬਰ ਨੂੰ ਦੱਖਣੀ ਅਫ਼ਰੀਕਾ ਤੋਂ ਦੁਬਈ ਅਤੇ ਦਿੱਲੀ ਦੇ ਰਸਤੇ ਮੁੰਬਈ ਪਰਤਿਆ ਸੀ। ਉਸ ਨੂੰ ਹਲਕਾ ਬੁਖਾਰ ਹੈ, ਪਰ ਕੋਵਿਡ-19 ਦੇ ਕੋਈ ਹੋਰ ਲੱਛਣ ਨਹੀਂ ਹਨ।" ਇਸ 'ਚ ਕਿਹਾ ਗਿਆ ਹੈ ਕਿ ਉੱਚ ਜ਼ੋਖ਼ਮ ਵਾਲੇ ਸਾਰੇ 12 ਲੋਕਾਂ (ਸੰਕਰਮਿਤ ਵਿਅਕਤੀ ਦੇ ਰਿਸ਼ਤੇਦਾਰ ਅਤੇ ਸਹਿ-ਯਾਤਰੀ) ਦਾ ਪਤਾ ਲਗਾਇਆ ਗਿਆ ਹੈ ਅਤੇ ਉਨ੍ਹਾਂ ਦੀ ਕੋਵਿਡ-19 ਜਾਂਚ ਕੀਤੀ ਗਈ ਹੈ, ਜਿਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ।ਵਿਭਾਗ ਨੇ ਦੱਸਿਆ ਕਿ ਪੀੜ੍ਹਤ ਵਿਅਕਤੀ ਦੇ ਸਾਥੀ ਯਾਤਰੀਆਂ ਸਮੇਤ 23 ਹੋਰ ਵਿਅਕਤੀਆਂ ਦੀ ਟੈਸਟ ਰਿਪੋਰਟ ਵੀ ਨੈਗੇਟਿਵ ਆਈ ਹੈ।

ਪੁਣੇ, ਮਹਾਰਾਸ਼ਟਰ 'ਚ ਸੰਕਰਮਿਤ ਵਿਅਕਤੀ ਪਾਇਆ ਗਿਆ
ਵਿਭਾਗ ਨੇ ਕਿਹਾ ਕਿ ਇਸ ਦੌਰਾਨ ਮਹਾਰਾਸ਼ਟਰ ਦੇ ਪੁਣੇ ਦਾ ਇਕ 60 ਸਾਲਾ ਵਾਸੀ ਜਾਂਬੀਆ ਤੋਂ ਵਾਪਸ ਪਰਤਣ ਤੋਂ ਬਾਅਦ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਇਆ ਗਿਆ ਸੀ, ਪਰ ਉਸ ਦੇ ਜੀਨੋਮ ਕ੍ਰਮ ਤੋਂ ਪਤਾ ਚੱਲਿਆ ਕਿ ਉਹ ਡੈਲਟਾ ਉਪ ਕਿਸਮ ਨਾਲ ਸੰਕਰਮਿਤ ਸੀ।

ਕੇਡੀਐਮਸੀ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਜੋ ਵਿਅਕਤੀ 'ਓਮੀਕ੍ਰੋਨ' ਨਾਲ ਪਾਜ਼ੀਟਿਵ ਮਿਲਿਆ ਹੈ, ਉਹ ਇੰਜੀਨੀਅਰ ਹੈ। ਕਲਿਆਣ ਡੋਂਬੀਵਲੀ ਮਿਉਂਸਿਪਲ ਕਾਰਪੋਰੇਸ਼ਨ (ਕੇਡੀਐਮਸੀ) ਦੇ ਮਹਾਮਾਰੀ ਨਿਯੰਤਰਣ ਸੈੱਲ ਦੀ ਮੁਖੀ ਡਾ. ਪ੍ਰਤਿਭਾ ਪਾਨਪਾਟਿਲ ਨੇ ਕਿਹਾ, "ਵੱਖ-ਵੱਖ ਦੇਸ਼ਾਂ ਤੋਂ ਡੋਂਬੀਵਲੀ-ਕਲਿਆਣ ਖੇਤਰ 'ਚ ਆਏ 6 ਵਿਅਕਤੀ ਹੁਣ ਤਕ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਏ ਗਏ ਹਨ, ਜੋ ਆਈਸੋਲੇਸ਼ਨ 'ਚ ਹਨ।"

ਇਨ੍ਹਾਂ 'ਚੋਂ 4 ਨਾਈਜੀਰੀਆ ਤੋਂ ਤੇ 1-1 ਵਿਅਕਤੀ ਰੂਸ ਅਤੇ ਨੇਪਾਲ ਤੋਂ ਆਇਆ ਹੈ। ਡਾ. ਪਨਪਾਟਿਲ ਨੇ ਕਿਹਾ, "ਸਾਰੇ 6 ਲੋਕਾਂ ਦੀ ਹਾਲਤ ਸਥਿਰ ਹੈ। ਉਨ੍ਹਾਂ 'ਚ ਲੱਛਣ ਨਹੀਂ ਹਨ ਅਤੇ ਉਨ੍ਹਾਂ 'ਚੋਂ ਕੋਈ ਵੀ ਉੱਚ ਜ਼ੋਖ਼ਮ ਵਾਲੇ ਦੇਸ਼ਾਂ ਤੋਂ ਨਹੀਂ ਆਇਆ ਹੈ।"


ਇਹ ਵੀ ਪੜ੍ਹੋABP C-Voter Survey: ਕੀ ਯੂਪੀ 'ਚ ਬੀਜੇਪੀ ਨੂੰ ਲੱਗੇਗਾ ਝਟਕਾ? ਜਾਣੋ ਕਿਹੜੀ ਪਾਰਟੀ ਬਣਾ ਸਕਦੀ ਸਰਕਾਰ






ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:





https://play.google.com/store/



 











https://apps.apple.com/in/app/811114904