ਨਵੀਂ ਦਿੱਲੀ: ਦੇਸ਼ ਦੀ ਜਨਤਾ ਨੂੰ ਪੈਟ੍ਰੌਲ ਤੇ ਡੀਜ਼ਲ ਦੀਆਂ ਕੀਮਤਾਂ ਦੇ ਨਾਂਅ 'ਤੇ ਬਹੁਤ ਵੱਡਾ ਧੋਖਾ ਹੋਇਆ ਹੈ। ਪੈਟ੍ਰੌਲ ਤੇ ਡੀਜ਼ਲ ਦੀ ਕੀਮਤ ਵਿੱਚ ਸਿਰਫ਼ ਇੱਕ ਪੈਸੇ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਗਈ ਹੈ। ਇਸ ਤੋਂ ਪਹਿਲਾਂ ਪੈਟ੍ਰੋਲ ਦੀ ਕੀਮਤ ਵਿੱਚ 60 ਪੈਸੇ ਦੀ ਤੇ ਡੀਜ਼ਲ ਦਾ ਭਾਅ 56 ਪੈਸੇ ਵਿੱਚ ਫ਼ੀ ਲੀਟਰ ਦੀ ਕਮੀ ਕੀਤੇ ਜਾਣ ਦੀ ਖ਼ਬਰ ਆਈ ਸੀ।

 

ਇੰਡੀਅਨ ਆਇਲ ਕਾਪੋਰੇਸ਼ਨ ਮੁਤਾਬਕ ਪਹਿਲਾਂ ਟਾਈਪਿੰਗ ਮਿਸਟੇਕ ਕਰ ਕੇ ਤੇਲ ਦੀਆਂ ਕੀਮਤਾਂ ਵਿੱਚ ਕਟੌਤੀ ਦੀ ਗ਼ਲਤ ਸੂਚਨਾ ਚਲੀ ਗਈ ਸੀ। ਬੀਤੇ 16 ਦਿਨਾਂ ਵਿੱਚ ਪੈਟ੍ਰੋਲ ਦੀ ਕੀਮਤ ਵਿੱਚ ਤਿੰਨ ਰੁਪਏ 80 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਸੀ। ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਕਮੀ ਹੋਈ ਹੈ ਤੇ ਭਾਰਤ ਦੇ ਲੋਕਾਂ ਨੂੰ ਸਿਰਫ਼ ਇੱਕ ਪੈਸੇ ਦੀ ਹੀ ਛੋਟ ਮਿਲੀ ਹੈ।

ਇੰਡੀਅਨ ਆਇਲ ਕਾਰਪੋਰੇਸ਼ਨ ਦੀ ਵੈਬਸਾਈਟ ਮੁਤਾਬਕ ਦਿੱਲੀ ਵਿੱਚ ਅੱਜ ਪੈਟ੍ਰੋਲ ਦੀ ਕੀਮਤ 78.42 ਰੁਪਏ ਫ਼ੀ ਲੀਟਰ, ਕੋਲਕਾਤਾ ਵਿੱਚ 81.05 ਰੁਪਏ, ਮੁੰਬਈ ਵਿੱਚ 86.23 ਰੁਪਏ ਤੇ ਚੇਨੰਈ ਵਿੱਚ 81.42 ਰੁਪਏ ਪ੍ਰਤੀ ਲੀਟਰ ਹੋ ਗਈ ਹੈ।