ਚੰਡੀਗੜ੍ਹ: ਖ਼ਾਲਿਸਤਾਨ ਸਮਰਥਕ ਗੁੱਟ ਸਿੱਖ ਫਾਰ ਜਸਟਿਸ (SFJ) ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਨੇ ਮੋਦੀ ਸਰਕਾਰ ਦੇ ਕਹਿਣ 'ਤੇ ਉਨ੍ਹਾਂ ਦੀ ਮੁਹਿੰਮ 'ਤੇ ਬੈਨ ਲਾ ਦਿੱਤਾ ਹੈ। SFJ ਖ਼ਾਲਿਸਤਾਨ ਵਿੱਚ ਜਨਮਤ ਸੰਗ੍ਰਹਿ ਦੀ ਮੰਗ ਸਬੰਧੀ 'ਰੈਫਰੈਂਡਮ ਟੀਮ 2020' ਅਭਿਆਨ ਚਲਾ ਰਿਹਾ ਹੈ। SFJ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਮੁਤਾਬਕ ਸੋਮਵਾਰ ਨੂੰ ਗੁੱਟ ਦੇ ਵਰਕਰ ਹਸਨ ਅਬਦਲ ਸਥਿਤ ਗੁਰਦੁਆਰਾ ਪੰਜਾ ਸਾਹਿਬ ਵਿੱਚ ਪੋਸਟਰ ਲਾ ਰਹੇ ਸੀ ਕਿ ਇਸੇ ਦੌਰਾਨ ਅਧਿਕਾਰੀਆਂ ਨੇ ਅੜਿੱਕਾ ਪਾਉਂਦਿਆਂ ਉਨ੍ਹਾਂ ਨੂੰ ਰੋਕ ਦਿੱਤਾ ਸੀ।


ਰਿਪੋਰਟਾਂ ਮੁਤਾਬਕ ਖ਼ਾਲਸਾ ਸਾਜਨਾ ਦਿਵਸ ਮੌਕੇ ਭਾਰਤ ਤੋਂ ਹਜ਼ਾਰਾਂ ਸਿੱਖ ਸ਼ਰਧਾਲੂ ਪਾਕਿਸਤਾਨ ਪਹੁੰਚ ਰਹੇ ਹਨ। ਖ਼ਾਲਿਸਤਾਨ ਦੇ ਪੱਖ ਵਿੱਚ ਕਈ ਵਰਕਰ ਵੀ ਆਪਣੇ ਅਭਿਆਨ ਨੂੰ ਸਮਰਥਨ ਦਿਵਾਉਣ ਲਈ ਅਪਰੈਲ ਦੇ ਪਹਿਲੇ ਹਫ਼ਤੇ ਅਮਰੀਕਾ ਤੇ ਯੂਰਪ ਵਿੱਚ ਪਾਕਿਸਤਾਨ ਪਹੁੰਚੇ ਹਨ। ਹਾਲਾਂਕਿ ਜਦੋਂ ਵਰਕਰ ਪੰਜਾ ਸਾਹਿਬ ਵਿੱਚ ਖ਼ਾਲਿਸਸਤਾਨ ਪੱਖੀ ਪੋਸਟਰ ਲਾਉਣ ਲੱਗੇ ਤਾਂ ਉਨ੍ਹਾਂ ਨੂੰ ਰੋਕ ਦਿੱਤਾ ਗਿਆ। ਇਸ ਦੇ ਨਾਲ ਹੀ ਰੈਫਰੈਂਡਮ 2020 ਲਈ ਵਲੰਟੀਅਰਾਂ ਦੀ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਵੀ ਰੋਕ ਦਿੱਤੀ ਗਈ।

ਪੰਨੂ ਨੇ ਦੱਸਿਆ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤੇ ਫੌਜ ਮੁਖੀ ਕਮਰ ਜਾਵੇਦ ਬਾਜਵਾ ਖ਼ੁਦ ਨੂੰ ਸਿੱਖ ਤਬਕੇ ਦੇ ਮਸੀਹਾ ਵਜੋਂ ਦਰਸਾਉਂਦੇ ਹਨ ਪਰ ਦੋਵਾਂ ਨੇ ਮੋਦੀ ਸਰਕਾਰ ਦੇ ਦਬਾਅ ਵਿੱਚ ਝੁਕ ਕੇ ਉਨ੍ਹਾਂ ਦੀ ਮੁਹਿੰਮ ਬੈਨ ਕਰ ਦਿੱਤੀ ਹੈ। ਪੰਨੂ ਨੇ ਕਿਹਾ ਕਿ ਭਾਰਤ ਵੱਲੋਂ ਯੁੱਧ ਦੀਆਂ ਧਮਕੀਆਂ ਦੇ ਚੱਲਦਿਆਂ ਉਨ੍ਹਾਂ ਪਾਕਿਸਤਾਨ ਨੂੰ ਸਮਰਥਨ ਜਾਰੀ ਰੱਖਿਆ ਪਰ ਪਾਕਿਸਤਾਨੀ ਫੌਜ ਤੇ ਖੁਫੀਆ ਏਜੰਸੀ ISI ਨੇ ਸਿੱਖ ਤਬਕੇ ਦੇ ਅੰਦੋਲਨ ਨੂੰ ਕੁਚਲ ਦਿੱਤਾ।