ਨਵੀਂ ਦਿੱਲੀ : ਪਾਕਿਸਤਾਨ ਨੇ ਇਸ ਸਾਲ ਜੰਮੂ-ਕਸ਼ਮੀਰ ਵਿਚ ਅੰਤਰਰਾਸ਼ਟਰੀ ਸਰਹੱਦ ਅਤੇ ਕੰਟਰੋਲ ਰੇਖਾ ਦੇ ਕੋਲ 720 ਤੋਂ ਜ਼ਿਆਦਾ ਵਾਰ ਜੰਗਬੰਦੀ ਦੀ ਉਲੰਘਣਾ ਕੀਤੀ ਹੈ। ਜੰਗਬੰਦੀ ਦੀ ਉਲੰਘਣਾ ਦਾ ਇਹ ਅੰਕੜਾ ਪਿਛਲੇ ਸੱਤ ਸਾਲਾਂ ਵਿਚ ਸਭ ਤੋਂ ਵੱਧ ਹੈ। ਕੇਂਦਰੀ ਗ੍ਰਹਿ ਮੰਤਰਾਲੇ ਦੇ ਅੰਕੜਿਆਂ ਮੁਤਾਬਿਕ ਪਾਕਿਸਤਾਨੀ ਸੁਰੱਖਿਆ ਬਲਾਂ ਨੇ ਇਸ ਸਾਲ ਅਕਤੂਬਰ ਤਕ ਅੰਤਰਰਾਸ਼ਟਰੀ ਸਰਹੱਦ ਅਤੇ ਕੰਟਰੋਲ ਰੇਖਾ ਕੋਲ 720 ਵਾਰ ਜੰਗਬੰਦੀ ਦੀ ਉਲੰਘਣਾ ਕੀਤੀ ਜਦਕਿ ਸਾਲ 2016 'ਚ ਇਹ ਗਿਣਤੀ 449 ਸੀ।
ਗ੍ਰਹਿ ਮੰਤਰਾਲੇ ਦੇ ਇਕ ਅਧਿਕਾਰੀ ਨੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਸ ਸਾਲ ਪਾਕਿਸਤਾਨੀ ਗੋਲਾਬਾਰੀ ਵਿਚ 12 ਸਥਾਨਕ ਨਾਗਰਿਕ ਮਾਰੇ ਗਏ ਅਤੇ 17 ਸੁਰੱਖਿਆ ਮੁਲਾਜ਼ਮ ਸ਼ਹੀਦ ਹੋ ਗਏ। ਇਸ ਦੇ ਇਲਾਵਾ 79 ਸਥਾਨਕ ਨਾਗਰਿਕ ਅਤੇ 67 ਸੁਰੱਖਿਆ ਮੁਲਾਜ਼ਮ ਜ਼ਖ਼ਮੀ ਹੋਏ। ਪਿਛਲੇ ਸਾਲ ਜੰਗਬੰਦੀ ਉਲੰਘਣਾ ਦੀਆਂ 449 ਘਟਨਾਵਾਂ ਵਿਚ 13 ਸਥਾਨਕ ਨਾਗਰਿਕ ਮਾਰੇ ਗਏ ਸਨ ਅਤੇ 13 ਸੁਰੱਖਿਆ ਮੁਲਾਜ਼ਮ ਸ਼ਹੀਦ ਹੋ ਗਏ ਸਨ। ਇਸ ਦੇ ਇਲਾਵਾ 83 ਨਾਗਰਿਕ ਅਤੇ 99 ਸੁਰੱਖਿਆ ਮੁਲਾਜ਼ਮ ਜ਼ਖ਼ਮੀ ਹੋ ਗਏ ਸਨ।
ਅੰਤਰਰਾਸ਼ਟਰੀ ਸਰਹੱਦ, ਕੰਟਰੋਲ ਰੇਖਾ ਅਤੇ ਜੰਮੂ-ਕਸ਼ਮੀਰ ਵਿਚ ਵਾਸਤਵਿਕ ਜ਼ਮੀਨੀ ਸਥਿਤੀ ਰੇਖਾ (ਏਜੀਪੀਐੱਲ) ਕੋਲ ਦੋਹਾਂ ਦੇਸ਼ਾਂ ਵਿਚਕਾਰ ਜੰਗਬੰਦੀ ਨਵੰਬਰ 2003 ਤੋਂ ਹੋਂਦ ਵਿਚ ਆਈ ਸੀ। ਪਾਕਿਸਤਾਨ ਨਾਲ ਭਾਰਤ ਦੀ 3,323 ਕਿਲੋਮੀਟਰ ਲੰਬੀ ਸਰਹੱਦ ਹੈ। ਇਸ ਵਿਚ ਜੰਮੂ-ਕਸ਼ਮੀਰ ਵਿਚ 221 ਕਿਲੋਮੀਟਰ ਅੰਤਰਰਾਸ਼ਟਰੀ ਸਰਹੱਦ ਅਤੇ 740 ਕਿਲੋਮੀਟਰ ਕੰਟਰੋਲ ਰੇਖਾ ਹੈ।
ਜੰਗਬੰਦੀ ਦੀਆਂ ਕਿਸ ਸਾਲ ਕਿੰਨੀਆਂ ਘਟਨਾਵਾਂ
2016-449, 2015-405, 2013-347, 2012-114, 2011-62, 2010-62