ਮੋਹਸਿਨ ਸ਼ੇਖ ਪਿਛਲੇ 24 ਸਾਲਾਂ ਤੋਂ ਹਰ ਸਾਲ ਪ੍ਰਧਾਨ ਮੰਤਰੀ ਮੋਦੀ ਨੂੰ ਰੱਖੜੀ ਬੰਨ੍ਹ ਰਹੇ ਹਨ। ਆਪਣੇ ਭਰਾ ਨਰਿੰਦਰ ਮੋਦੀ ਨੂੰ ਰੱਖੜੀ ਬੰਨ੍ਹਣ ਲਈ ਉਹ ਸਰਹੱਦ ਪਾਰ ਕਰਕੇ ਆਉਂਦੀ ਹੈ। ਪਿਛਲੇ ਸਾਲ ਪ੍ਰਧਾਨ ਮੰਤਰੀ ਮੋਦੀ ਨੂੰ ਰੱਖੜੀ ਬੰਨ੍ਹਣ ਤੋਂ ਬਾਅਦ ਉਨ੍ਹਾਂ ਕਿਹਾ, ‘ਮੈਂ ਉਨ੍ਹਾਂ ਨੂੰ ਉਦੋਂ ਤੋਂ ਜਾਣਦੀ ਹਾਂ ਜਦੋਂ ਉਹ ਰਾਸ਼ਟਰੀ ਸਵੈ ਸੇਵਕ (ਆਰਐਸਐਸ) ਵਰਕਰ ਸਨ। ਮੈਂ ਉਨ੍ਹਾਂ ਨੂੰ 24 ਸਾਲਾਂ ਤੋਂ ਰੱਖੜੀ ਬੰਨ੍ਹ ਰਹੀ ਹਾਂ।’
ਮੋਹਸਿਨ ਸ਼ੇਖ ਨੇ ਕਿਹਾ ਕਿ ਇੰਨੇ ਸਾਲਾਂ ਬਾਅਦ ਵੀ ਉਨ੍ਹਾਂ ਵਿੱਚ ਕੋਈ ਤਬਦੀਲੀ ਨਹੀਂ ਆਈ। ਇਹ ਜ਼ਰੂਰ ਹੈ ਕਿ ਉਹ ਹੁਣ ਬਹੁਤ ਰੁੱਝ ਗਏ ਹਨ। ਇਸ ਕਰਕੇ ਸਾਨੂੰ ਘੱਟ ਸਮਾਂ ਮਿਲਦਾ ਹੈ। ਇਸ ਦੇ ਸਿਵਾਏ ਬਾਕੀ ਸਭ ਕੁਝ ਪਹਿਲਾਂ ਜਿਹਾ ਹੈ।
ਪੀਐਮ ਮੋਦੀ ਤੇ ਕਮਰ ਮੋਹਸਿਨ ਸ਼ੇਖ ਦੀ ਕਹਾਣੀ ਕਿਸੇ ਬਾਲੀਵੁੱਡ ਫਿਲਮ ਵਰਗੀ ਹੈ। ਮੋਹਸਿਨ ਸ਼ੇਖ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਰਿਸ਼ਤੇ ਦੀ ਕਹਾਣੀ ਸੁਣਾਉਂਦੇ ਹੋਏ ਦੱਸਿਆ ਕਿ ਉਹ 1981 ਵਿੱਚ ਪਰਿਵਾਰ ਨਾਲ ਪਹਿਲੀ ਵਾਰ ਅਹਿਮਦਾਬਾਦ ਆਏ ਸੀ। ਉਸ ਦਾ ਵਿਆਹ ਮੋਹਸਿਨ ਨਾਲ ਤੈਅ ਹੋਇਆ ਸੀ ਤੇ ਉਹ ਹਿੰਦੁਸਤਾਨੀ ਬਣ ਗਏ।
ਕਮਰ ਮੋਹਸਿਨ ਸ਼ੇਖ ਨੇ ਦੱਸਿਆ ਕਿ 1995 ਵਿੱਚ ਉਸ ਦੀ ਗੁਜਰਾਤ ਦੇ ਤਤਕਾਲੀ ਰਾਜਪਾਲ ਡਾ. ਸਵਰੂਪ ਸਿੰਘ ਨਾਲ ਮੁਲਾਕਾਤ ਹੋਈ ਸੀ। ਉਦੋਂ ਉਹ ਉਨ੍ਹਾਂ ਨੂੰ ਆਪਣੀ ਧੀ ਸਮਝਦੇ ਸਨ। ਇਸ ਤੋਂ ਬਾਅਦ, ਜਦੋਂ ਉਹ ਪਾਕਿਸਤਾਨ ਜਾ ਰਹੇ ਸੀ ਤਾਂ ਸਵਰੂਪ ਸਿੰਘ ਖ਼ੁਦ ਉਸ ਨੂੰ ਏਅਰਪੋਰਟ 'ਤੇ ਛੱਡਣ ਆਏ ਸੀ। ਉਨ੍ਹਾਂ ਦੇ ਨਾਲ ਪੀਐਮ ਮੋਦੀ ਵੀ ਮੌਜੂਦ ਸਨ।
ਰਾਜਪਾਲ ਸਵਰੂਪ ਸਿੰਘ ਨੇ ਮੋਦੀ ਨੂੰ ਕਿਹਾ ਕਿ ਇਹ ਮੇਰੀ ਬੇਟੀ ਹੈ, ਇਸ ਦਾ ਖਿਆਲ ਰੱਖਣਾ। ਇਸ ਤੋਂ ਬਾਅਦ ਪੀਐਮ ਮੋਦੀ ਨੇ ਜਵਾਬ ਵਿੱਚ ਕਿਹਾ, ‘ਜੇ ਇਹ ਤੁਹਾਡੀ ਧੀ ਹੈ ਤਾਂ ਮੇਰੀ ਭੈਣ ਬਣ ਗਈ।’ ਇਸ ਘਟਨਾ ਤੋਂ ਬਾਅਦ ਕਮਰ ਮੋਹਸਿਨ ਸ਼ੇਖ ਨੇ ਨਰਿੰਦਰ ਮੋਦੀ ਨੂੰ ਰੱਖੜੀ ਬੰਨ੍ਹਣੀ ਸ਼ੁਰੂ ਕਰ ਦਿੱਤੀ। ਕਮਰ ਮੋਹਸਿਨ ਸ਼ੇਖ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੇ ਭਰਾ ਨੂੰ ਮਿਲਣ ਲਈ ਕਦੇ ਅਪਾਇੰਟਮੈਂਟ ਦੀ ਜ਼ਰੂਰਤ ਨਹੀਂ ਪਈ।