ਕੋਲਕਾਤਾ-ਦੱਖਣੀ ਕੋਲਕਾਤਾ ਦੇ ਜੀ.ਡੀ. ਬਿਰਲਾ ਸੈਂਟਰ ਆਫ਼ ਐਜੂਕੇਸ਼ਨ ਸਕੂਲ 'ਚ ਇਕ 4 ਸਾਲਾ ਬੱਚੀ ਨਾਲ ਸਰੀਰਕ ਸੋਸ਼ਣ ਕਰਨ ਦੇ ਦੋਸ਼ 'ਚ 2 ਪੀ. ਟੀ. ਅਧਿਆਪਕਾਂ ਅਭਿਸ਼ੇਕ ਰਾਏ ਅਤੇ ਮੁਹੰਮਦ ਮਾਫੂਦਿਨ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ। ਉਕਤ ਘਟਨਾ ਕੱਲ੍ਹ ਦੀ ਹੈ ਅਤੇ ਪੁਲਿਸ ਵਲੋਂ ਹਸਪਤਾਲ ਦੀ ਰਿਪੋਰਟ 'ਚ ਸਰੀਰਕ ਸੋਸ਼ਣ ਦੀ ਪੁਸ਼ਟੀ ਹੋਣ ਤੋਂ ਬਾਅਦ ਅਤੇ ਪੂਰੀ ਜਾਂਚ ਪੜਤਾਲ ਤੋਂ ਬਾਅਦ ਉਕਤ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ।


ਪੀੜਤ ਪਰਿਵਾਰ ਦੇ ਵਕੀਲ ਨੇ ਦੱਸਿਆ ਕਿ ਜਾਧਵਪੁਰ ਪੁਲਿਸ ਥਾਣੇ 'ਚ ਸਕੂਲ ਤੇ ਪ੍ਰਿੰਸੀਪਲ ਸ਼ਰਮੀਲਾ ਨਾਗ 'ਤੇ ਉਕਤ ਦੋਸ਼ੀਆਂ ਨੂੰ ਬਚਾਉਣ ਅਤੇ ਜਾਣਕਾਰੀ ਲੁਕਾਉਣ ਸਬੰਧੀ ਮਾਮਲਾ ਦਰਜ ਕੀਤਾ ਗਿਆ ਹੈ। ਇਸ ਦੌਰਾਨ ਕੁਝ ਸਿਆਸੀ ਪਾਰਟੀਆਂ ਵਲੋਂ ਪੁਲਿਸ ਥਾਣੇ ਦੇ ਬਾਹਰ ਦੋਸ਼ੀਆਂ ਨੂੰ ਗਿ੍ਫਤਾਰ ਕਰਨ ਸਬੰਧੀ ਪ੍ਰਦਰਸ਼ਨ ਵੀ ਕੀਤਾ ਗਿਆ ਸੀ।

ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦ ਬੱਚੀ ਘਰ ਜਾ ਕੇ ਬਿਮਾਰ ਹੋਣ ਲੱਗੀ ਅਤੇ ਉਸ ਦੇ ਗੁਪਤ ਅੰਗ 'ਚੋਂ ਖ਼ੂਨ ਵਹਿ ਰਿਹਾ ਸੀ। ਪੀੜਤ ਪਰਿਵਾਰ ਤੋਂ ਇਲਾਵਾ ਵੱਡੀ ਗਿਣਤੀ 'ਚ ਵਿਦਿਆਰਥੀਆਂ ਦੇ ਮਾਪਿਆਂ ਵਲੋਂ ਸਕੂਲ 'ਚ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕਰਦਿਆਂ ਰੋਸ ਪ੍ਰਗਟਾਵਾ ਕੀਤਾ ਗਿਆ। ਪੱਛਮੀ ਬੰਗਾਲ ਦੀ ਉੱਚ ਸਿੱਖਿਆ ਮੰਤਰੀ ਪਰਥਾ ਚੈਟਰਜੀ ਵਲੋਂ ਵੀ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਗਈ |