ਪਟਿਆਲਾ: ਅਕਤੂਬਰ 2015 ਨੂੰ ਕੋਟਕਪੂਰਾ 'ਚ ਵਾਪਰੇ ਗੋਲ਼ੀਕਾਂਡ ਮਾਮਲੇ 'ਚ ਗ੍ਰਿਫ਼ਤਾਰ ਤੇ ਮੁਅੱਤਲ ਕੀਤੇ ਗਏ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੂੰ ਪਟਿਆਲਾ ਜੇਲ੍ਹ 'ਚ ਮਿਲਦੀਆਂ ਖ਼ਾਸ ਸੁਵਿਧਾਵਾਂ ਕਰਕੇ ਜੇਲ੍ਹ ਸੁਪਰਡੈਂਟ 'ਤੇ ਗਾਜ ਡਿੱਗ ਪਈ ਹੈ। ਇਸ ਦੇ ਨਾਲ ਹੀ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਉਮਰਾਨੰਗਲ ਤੇ ਚਰਨਜੀਤ ਸ਼ਰਮਾ ਨੂੰ ਹੋਰਨਾਂ ਜੇਲ੍ਹਾਂ 'ਚ ਤਬਦੀਲ ਕਰਨ ਬਾਰੇ ਸੋਚ ਰਹੇ ਹਨ।

ਸੂਤਰਾਂ ਮੁਤਾਬਕ ਉਮਰਾਨੰਗਲ ਨੂੰ ਸੰਗਰੂਰ ਤੇ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਨੂੰ ਰੋਪੜ ਜੇਲ੍ਹ ਭੇਜੇ ਜਾਣ ਦੀਆਂ ਤਿਆਰੀਆਂ ਹੋ ਰਹੀਆਂ ਹਨ। ਜੇਲ੍ਹ ਮੰਤਰੀ ਨੇ ਪਟਿਆਲਾ ਜੇਲ੍ਹ ਦੇ ਸੁਪਰਡੈਂਟ ਜਸਪਾਲ ਸਿੰਘ ਨੂੰ ਮੁਅੱਤਲ ਵੀ ਕਰ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਜੇਲ੍ਹ ਸੁਪਰਡੈਂਟ 'ਤੇ ਇਲਜ਼ਾਮ ਸਨ ਕਿ ਬੀਤੀ ਦੋ ਮਾਰਚ ਨੂੰ ਉਸ ਨੇ ਉਮਰਾਨੰਗਲ ਨੂੰ ਬਾਹਰੀ ਲੋਕਾਂ ਨਾਲ ਜੇਲ੍ਹ ਅੰਦਰ ਬਿਨਾਂ ਕਾਗ਼ਜ਼ੀ ਕਾਰਵਾਈ ਤੋਂ ਦਾਖ਼ਲ ਹੋ ਕੇ ਮੀਟਿੰਗ ਕਰਨ ਦੀ ਇਜਾਜ਼ਤ ਦਿੱਤੀ ਸੀ। ਇਸ 'ਤੇ ਜੇਲ੍ਹ ਮੰਤਰੀ ਨੇ ਸਖ਼ਤ ਐਕਸ਼ਨ ਲਿਆ ਤੇ ਹੁਣ ਜਲਦ ਹੀ ਦੋਹਾਂ ਨੂੰ ਵੱਖ-ਵੱਖ ਜੇਲ੍ਹਾਂ 'ਚ ਭੇਜਣ ਦਾ ਫੈਸਲਾ ਵੀ ਜਾਰੀ ਹੋ ਸਕਦਾ ਹੈ।