ਪਟਨਾ: ਬਿਹਾਰ ਵਿੱਚ ਸਪੈਸ਼ਲ ਬ੍ਰਾਂਚ ਦੀ ਟੀਮ ਹੁਣ ਆਰਐਸਐਸ ਸਮੇਤ 19 ਸੰਗਠਨਾਂ ਦੀ ਕੁੰਡਲੀ ਦੀ ਜਾਂਚ ਕਰੇਗੀ। ਵਿਸ਼ੇਸ਼ ਬਰਾਂਚ ਦੇ ਇੰਟੈਲੀਜੈਂਸ ਵਿੰਗ ਨੇ ਆਰਐਸਐਸ ਤੇ ਉਸ ਦੇ ਸਹਾਇਕ ਸੰਗਠਨਾਂ ਦੇ ਸੂਬਾਈ ਅਧਿਕਾਰੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦਾ ਹੁਕਮ ਦਿੱਤਾ ਹੈ। ਵਿਸ਼ੇਸ਼ ਸ਼ਾਖਾ ਦਾ ਇਹ ਹੁਕਮ ਸੁਰਖੀਆਂ ਵਿੱਚ ਹੈ। ਇਸ ਮਾਮਲੇ ਦੇ ਸਾਹਮਣੇ ਆਉਣ ਬਾਅਦ ਬਿਹਾਰ ਦੀ ਸਿਆਸਤ ਭਖ ਗਈ ਹੈ। ਬੀਜੇਪੀ ਨੇ ਇਸ ਦੀ ਅਲੋਚਨਾ ਕੀਤੀ ਹੈ।

ਇਹ ਹੁਕਮ 28 ਮਈ, 2019 ਨੂੰ ਸਪੈਸ਼ਲ ਬ੍ਰਾਂਚ ਦੇ ਸਾਰੇ ਡਿਪਟੀ ਐਸਪੀ ਨੂੰ ਜਾਰੀ ਕੀਤਾ ਗਿਆ ਹੈ। ਇਸ ਵਿੱਚ ਉਨ੍ਹਾਂ ਨੂੰ ਸੰਗਠਨਾਂ ਦੇ ਅਹੁਦੇਦਾਰਾਂ ਦੇ ਨਾਂ ਤੇ ਪਤਿਆਂ ਦੀ ਜਾਣਕਾਰੀ ਇਕੱਠੀ ਕਰਨ ਲਈ ਕਿਹਾ ਗਿਆ ਹੈ। ਇਸ ਹੁਕਮ ਦੀ ਕਾਪੀ ਸਾਹਮਣੇ ਆਉਣ ਬਾਅਦ ਬਿਹਾਰ ਪੁਲਿਸ ਦੇ ਆਹਲਾ ਅਧਿਕਾਰੀ ਕੁਝ ਵੀ ਕਹਿਣ ਤੋਂ ਬਚਦੇ ਨਜ਼ਰ ਆ ਰਹੇ ਹਨ।

ਨਾਮ ਦਾ ਖੁਲਾਸਾ ਨਾ ਕਰਨ ਦੀ ਬੇਨਤੀ ਨਾਲ, ਇੱਕ ਪੁਲਿਸ ਅਫਸਰ ਨੇ ਇੱਕ ਵੈੱਬਸਾਈਟ ਨੂੰ ਦੱਸਿਆ ਕਿ ਇਹ ਕੇਵਲ ਰੁਟੀਨ ਅਭਿਆਸ ਹੈ। ਅਪਰਾਧ ਸ਼ਾਖਾ ਦੀ ਟੀਮ ਨਿਯਮਿਤ ਅੰਤਰਾਲਾਂ 'ਤੇ ਅਜਿਹੀ ਜਾਣਕਾਰੀ ਇਕੱਠੀ ਕਰਦੀ ਰਹਿੰਦੀ ਹੈ। ਇਸ ਮਾਮਲੇ ਦੇ ਖੁਲਾਸੇ ਮਗਰੋਂ ਬਿਹਾਰ ਵਿੱਚ ਸਿਆਸੀ ਦੰਗਲ ਮੱਚ ਗਿਆ ਹੈ।

ਬਿਹਾਰ ਵਿੱਚ ਨੈਸ਼ਨਲ ਡੈਮੋਕ੍ਰੇਟਿਕ ਅਲਾਇੰਸ (ਐਨਡੀਏ) ਵਿੱਚ ਜਨਤਾ ਦਲ ਯੂਨਾਈਟਿਡ (ਜੇਡੀਯੂ) ਦੇ ਨਾਲ ਸਰਕਾਰ ਵਿੱਚ ਸਹਿਯੋਗੀ ਬੀਜੇਪੀ ਨੇ ਇਸ ਦਾ ਵਿਰੋਧ ਕੀਤਾ ਹੈ। ਉੱਧਰ ਵਿਰੋਧੀ ਧਿਰ ਦੀ ਗਠਜੋੜ ਨੇ ਕਿਹਾ ਹੈ ਕਿ ਐਨਡੀਏ ਸਰਕਾਰ ਦੇ ਦਿਨ ਪੂਰੇ ਹੋ ਗਏ ਹਨ।