ਨਵੀਂ ਦਿੱਲੀ: ਕੋਰੋਨਾ ਸੰਕਟ ਦੌਰਾਨ ਐਤਵਾਰ ਲਗਾਤਾਰ 8ਵੇਂ ਦਿਨ ਤੇਲ ਦੀਆਂ ਕੀਮਤਾਂ 'ਚ ਇਜ਼ਾਫਾ ਕੀਤਾ ਗਿਆ ਜਿਸ ਤਹਿਤ ਦਿੱਲੀ 'ਚ ਪੈਟਰੋਲ ਦੀ ਕੀਮਤ 62 ਪੈਸੇ ਵਧ ਕੇ 75 ਰੁਪਏ 78 ਪੈਸੇ ਪ੍ਰਤੀ ਲੀਟਰ ਹੋ ਗਈ। ਡੀਜ਼ਲ ਦੀ ਕੀਮਤ 64 ਪੈਸੇ ਦੇ ਵਾਧੇ ਨਾਲ 74 ਰੁਪਏ ਤਿੰਨ ਪੈਸੇ ਹੋ ਗਈ।


ਪਿਛਲੇ ਅੱਠ ਦਿਨਾਂ 'ਚ ਇਹ ਹੁਣ ਤਕ ਦਾ ਸਭ ਤੋਂ ਵੱਡਾ ਵਾਧਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਅੰਤਰ ਰਾਸ਼ਟਰੀ ਪੱਧਰ 'ਤੇ ਪਿਛਲੇ ਇਕ ਹਫਤੇ ਤੋਂ ਕੱਚੇ ਤੇਲ ਦੀਆਂ ਕੀਮਤਾਂ 'ਚ ਸੱਤ ਪ੍ਰਤੀਸ਼ਤ ਤੋਂ ਜ਼ਿਆਦਾ ਗਿਰਾਵਟ ਹੋਣ ਦੇ ਬਾਵਜੂਦ ਘਰੇਲੂ ਪੱਧਰ 'ਤੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਰੋਜ਼ ਵਧ ਰਹੀਆਂ ਹਨ।


ਅੱਠ ਦਿਨਾਂ 'ਚ ਪੈਟਰੋਲ 4 ਰੁਪਏ 52 ਪੈਸੇ ਤੇ ਡੀਜ਼ਲ 4 ਰੁਪਏ 64 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਚੁੱਕਾ ਹੈ। ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀ ਕੀਮਤ 42.07 ਡਾਲਰ ਪ੍ਰਤੀ ਬੈਰਲ ਤੋਂ ਘਟ ਕੇ 39.04 ਪ੍ਰਤੀ ਬੈਰਲ ਹੋ ਗਈ ਹੈ।