ਨਵੀਂ ਦਿੱਲੀ: ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ 'ਤੇ ਇਕ ਦਿਨ ਰਾਹਤ ਦੇਣ ਤੋਂ ਬਾਅਦ ਅੱਜ ਇੱਕ ਵਾਰ ਫਿਰ ਤੇਲ ਕੰਪਨੀਆਂ ਨੇ ਕੀਮਤਾਂ 'ਚ ਇਜ਼ਾਫਾ ਕੀਤਾ ਹੈ। ਵਧੀਆਂ ਕੀਮਤਾਂ ਮੁਤਾਬਕ ਦਿੱਲੀ 'ਚ ਪੈਟਰੋਲ 18 ਪੈਸੇ ਤੇ ਡੀਜ਼ਲ 29 ਪੈਸੇ ਪ੍ਰਤੀ ਲੀਟਰ ਦੇ ਹਿਸਾਬ ਨਾਲ ਮਹਿੰਗਾ ਹੋ ਗਿਆ ਹੈ। ਇਸ ਤੋਂ ਬਾਅਦ ਦਿੱਲੀ 'ਚ ਪੈਟਰੋਲ ਦੀ ਕੀਮਤ 81 ਰੁਪਏ 68 ਪੈਸੇ ਪ੍ਰਤੀ ਲੀਟਰ ਤੇ ਡੀਜ਼ਲ ਦੀ ਕੀਮਤ 73 ਰੁਪਏ 79 ਪੈਸੇ ਪ੍ਰਤੀ ਲੀਟਰ ਹੋ ਗਈ ਹੈ। ਮੋਦੀ ਸਰਕਾਰ ਨੇ ਵੀਰਵਾਰ ਨੂੰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਤੇ ਢਾਈ ਰੁਪਏ ਦੀ ਕਟੌਤੀ ਕਰਦਿਆਂ ਥੋੜੀ ਰਾਹਤ ਦਿੱਤੀ ਸੀ।
ਮੁੰਬਈ 'ਚ ਅੱਜ ਪੈਟਰੋਲ 87 ਰੁਪਏ 15 ਪੈਸੇ ਤੇ ਡੀਜ਼ਲ 76 ਰੁਪਏ 75 ਪੈਸੇ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ। ਕੱਲ੍ਹ ਮੁੰਬਈ 'ਚ ਇੱਕ ਲੀਟਰ ਪੈਟਰੋਲ ਦੀ ਕੀਮਤ 86 ਰੁਪਏ 97 ਪੈਸੇ ਸੀ। ਮੋਦੀ ਸਰਕਾਰ ਵੱਲੋਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਕਮੀ ਤੋਂ ਬਾਅਦ ਮਹਾਰਾਸ਼ਟਰ ਤੇ ਹੋਰ ਕਈ ਸੂਬਿਆਂ ਨੇ ਵੈਟ 'ਚ ਕਟੌਤੀ ਕੀਤੀ ਸੀ। ਜਿਸ ਨਾਲ ਕਈ ਪੰਜ ਰੁਪਏ ਤੱਕ ਪੈਟਰੋਲ-ਡੀਜ਼ਲ ਸਸਤਾ ਹੋਇਆ। ਪਰ ਹੁਣ ਇਕ ਵਾਰ ਤੇਲ ਦੀਆਂ ਕੀਮਤਾਂ 'ਚ ਵਾਧੇ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ।
ਤੇਲ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਸਬੰਧੀ ਵਿਰੋਧੀ ਧਿਰ ਲਗਾਤਾਰ ਮੋਦੀ ਸਰਕਾਰ 'ਤੇ ਨਿਸ਼ਾਨੇ ਸਾਧ ਰਹੀ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕਰਦਿਆਂ ਕਿਹਾ ਸਤਿਕਾਰਯੋਗ ਮੋਦੀ ਜੀ, ਆਮ ਜਨਤਾ ਪੈਟਰੋਲ ਤੇ ਡੀਜ਼ਲ ਦੀਆਂ ਆਸਮਾਨ ਛੋਹਦੀਆਂ ਕੀਮਤਾਂ ਤੋਂ ਬਹੁਤ ਪਰੇਸ਼ਾਨ ਹਨ। ਕ੍ਰਿਪਾ ਕਰਕੇ ਪੈਟਰੋਲ ਤੇ ਡੀਜ਼ਲ ਨੂੰ ਜੀਐਸਟੀ ਦੇ ਦਾਇਰੇ ਹੇਠ ਲਿਆਂਦਾ ਜਾਵੇ।
ਦੂਜੇ ਪਾਸੇ ਸਮਾਜਵਾਦੀ ਪਾਰਟੀ ਪ੍ਰਧਾਨ ਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਕਿਹਾ, ਸਰਕਾਰ ਦਾ ਇਹ ਝੂਠ ਸਾਹਮਣੇ ਆ ਗਿਆ ਹੈ ਕਿ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਤੇ ਉਨ੍ਹਾਂ ਦਾ ਕੋਈ ਕਾਬੂ ਨਹੀਂ ਹੈ। ਮੁਨਾਫਾਖੋਰ ਬੀਜੇਪੀ '25 ਰੁਪਏ ਵਧਾਓ, 2.5 ਰੁਪਏ ਘਟਾਓ' ਦੇ ਫਾਰਮੂਲੇ 'ਤੇ ਚੱਲ ਕੇ ਦੇਸ਼ ਵਾਸੀਆਂ ਦਾ ਸੋਸ਼ਣ ਕਰ ਰਹੀ ਹੈ। ਚੋਣਾਂ ਆਉਂਦਿਆਂ ਹੀ ਕੁੱਝ ਸਮੇਂ ਲਈ ਕੀਮਤਾਂ ਘਟਾਉਣ ਦਾ ਨਾਟਕ ਕਰਦੇ ਹਨ।