Petrol Pump: ਜੇਕਰ ਤੁਸੀਂ ਨਵਾਂ ਵਪਾਰ ਕਰਨ ਬਾਰੇ ਸੋਚ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਕੰਮ ਦੀ ਹੈ। ਦੱਸ ਦਈਏ ਕਿ ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੇ ਔਰਤਾਂ ਲਈ ਲਾਇਸੈਂਸ ਫੀਸ ਵਿੱਚ 80 ਫੀਸਦੀ ਅਤੇ MSME ਲਈ ਫੀਸ ਵਿੱਚ 50 ਫੀਸਦੀ ਕਟੌਤੀ ਦਾ ਐਲਾਨ ਕੀਤਾ ਹੈ।
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਆਮ ਆਦਮੀ ਲਈ ਪੈਟਰੋਲ ਪੰਪ ਦਾ ਲਾਇਸੈਂਸ ਲੈਣਾ ਵੀ ਆਸਾਨ ਹੋ ਜਾਵੇਗਾ। ਕੇਂਦਰ ਦੀ ਮੋਦੀ ਸਰਕਾਰ ਪੈਟਰੋਲ ਪੰਪਾਂ ਨਾਲ ਜੁੜੇ ਨਿਯਮਾਂ ਵਿੱਚ ਬਦਲਾਅ ਕਰਨ ਜਾ ਰਹੀ ਹੈ। ਇਸ ਤੋਂ ਬਾਅਦ, ਆਬਾਦੀ ਵਾਲੇ ਖੇਤਰਾਂ ਵਿੱਚ ਪੈਟਰੋਲ ਪੰਪਾਂ ਨੂੰ 30-50 ਮੀਟਰ ਦੇ ਘੇਰੇ ਵਿੱਚ ਚਲਾਉਣ ਦੀ ਇਜਾਜ਼ਤ ਦਿੱਤੀ ਜਾਵੇਗੀ।
ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੇ PESO ਨੂੰ ਆਬਾਦੀ ਵਾਲੇ ਖੇਤਰਾਂ ਦੇ 30-50 ਮੀਟਰ ਦੇ ਅੰਦਰ ਪੈਟਰੋਲ ਪੰਪਾਂ ਦੇ ਸੰਚਾਲਨ ਨੂੰ ਮਨਜ਼ੂਰੀ ਦੇਣ ਲਈ ਸੁਰੱਖਿਆ ਉਪਾਵਾਂ ਲਈ ਇੱਕ ਬਲੂਪ੍ਰਿੰਟ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਹਨ। PESO ਸਰਕਾਰ ਦੇ ਉਦਯੋਗ ਅਤੇ ਅੰਦਰੂਨੀ ਵਪਾਰ ਦੇ ਪ੍ਰੋਤਸਾਹਨ ਵਿਭਾਗ (DPIIT) ਦੇ ਅਧੀਨ ਕੰਮ ਕਰਨ ਵਾਲਾ ਇੱਕ ਦਫ਼ਤਰ ਹੈ। ਇਹ ਵਿਸਫੋਟਕ ਐਕਟ, 1884 ਅਤੇ ਪੈਟਰੋਲੀਅਮ ਐਕਟ 1934 ਦੇ ਤਹਿਤ ਸਥਾਪਿਤ ਰੈਗੂਲੇਟਰੀ ਢਾਂਚੇ ਨੂੰ ਲਾਗੂ ਕਰਨ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।
ਵਣਜ ਅਤੇ ਉਦਯੋਗ ਮੰਤਰੀ ਨੇ ਪੀਈਐਸਓ ਦੁਆਰਾ ਦਿੱਤੀ ਗਈ ਲਾਇਸੈਂਸ ਫੀਸ ਵਿੱਚ ਮਹਿਲਾ ਉੱਦਮੀਆਂ ਨੂੰ 80 ਪ੍ਰਤੀਸ਼ਤ ਰਿਆਇਤ ਅਤੇ ਐਮਐਸਐਮਈ ਨੂੰ 50 ਪ੍ਰਤੀਸ਼ਤ ਰਿਆਇਤ ਦੇਣ ਦਾ ਵੀ ਐਲਾਨ ਕੀਤਾ। ਗੋਇਲ ਨੇ PESO ਦੇ ਕੰਮਕਾਜ ਵਿੱਚ ਕੁਸ਼ਲਤਾ ਵਧਾਉਣ ਲਈ ਪੈਟਰੋਲੀਅਮ, ਵਿਸਫੋਟਕ, ਆਤਿਸ਼ਬਾਜ਼ੀ ਅਤੇ ਹੋਰ ਸਬੰਧਤ ਉਦਯੋਗਾਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ। ਵਣਜ ਅਤੇ ਉਦਯੋਗ ਮੰਤਰਾਲੇ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ 'ਗੋਇਲ ਨੇ PESO ਨੂੰ ਸੁਰੱਖਿਆ ਉਪਾਵਾਂ ਦੀ ਰੂਪਰੇਖਾ ਤਿਆਰ ਕਰਨ ਲਈ ਦਿਸ਼ਾ ਨਿਰਦੇਸ਼ ਤਿਆਰ ਕਰਨ ਲਈ ਕਿਹਾ ਹੈ। ਇਸ ਨਾਲ ਆਬਾਦੀ ਵਾਲੇ ਖੇਤਰਾਂ ਵਿੱਚ ਘੱਟ ਦੂਰੀ 'ਤੇ ਵੀ ਪੈਟਰੋਲ ਪੰਪ ਚਲਾਉਣ ਦੀ ਇਜਾਜ਼ਤ ਦਿੱਤੀ ਜਾਵੇਗੀ।
ਵਿਸਫੋਟਕ ਤੋਂ ਇਲਾਵਾ ਬਾਕੀ ਸਾਰੇ ਲਾਇਸੈਂਸ 10 ਸਾਲ ਦੀ ਮਿਆਦ ਲਈ ਦਿੱਤੇ ਜਾਂਦੇ ਹਨ। ਪੈਟਰੋਲ ਪੰਪ ਦਾ ਲਾਇਸੈਂਸ ਪੈਟਰੋਲੀਅਮ ਰੂਲਜ਼ 2002 ਦੇ ਫਾਰਮ 14 ਦੇ ਤਹਿਤ ਜਾਰੀ ਕੀਤਾ ਜਾਂਦਾ ਹੈ, ਜਦੋਂ ਕਿ ਪੈਟਰੋਲ ਪੰਪ 'ਤੇ ਸੀਐਨਜੀ ਡਿਸਟ੍ਰੀਬਿਊਸ਼ਨ ਸਹੂਲਤ ਲਈ ਲਾਇਸੈਂਸ ਗੈਸ ਸਿਲੰਡਰ ਨਿਯਮਾਂ ਦੇ ਫਾਰਮ ਜੀ ਦੇ ਤਹਿਤ ਜਾਰੀ ਕੀਤਾ ਜਾਂਦਾ ਹੈ।
PESO ਨੂੰ ਇਹ ਕੰਮ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCP) ਅਤੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨਾਲ ਸਲਾਹ-ਮਸ਼ਵਰਾ ਕਰਕੇ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਵਿਸਫੋਟਕਾਂ, ਢੋਆ-ਢੁਆਈ ਅਤੇ ਨਿਰਮਾਣ ਲਈ 10 ਸਾਲਾਂ ਲਈ ਲਾਇਸੈਂਸ ਦੇਣ ਦੀ ਸੰਭਾਵਨਾ ਤੇ ਗੌਰ ਕਰਨ ਲਈ ਇਕ ਕਮੇਟੀ ਬਣਾਈ ਜਾਵੇਗੀ।