ਨਵੀਂ ਦਿੱਲੀ: ਦੇਸ਼ ਦੀ 17ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ ਅੱਜ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਲੋਕ ਸਭਾ ‘ਚ ਵੱਖਰਾ ਨਜ਼ਾਰਾ ਦੇਖਣ ਨੂੰ ਮਿਲਿਆ, ਜਦੋਂ ਕਈ ਨੇਤਾਵਾਂ ਨੇ ਵੱਖ-ਵੱਖ ਭਾਸ਼ਾਵਾਂ ‘ਚ ਹਲਫ ਲਿਆ। ਸਹੁੰ ਚੁੱਕਣ ਦਾ ਅੰਦਾਜ਼ ਬੇਸ਼ੱਕ ਇੱਕੋ ਜਿਹਾ ਸੀ ਪਰ ਸਭ ਦੀ ਜ਼ੁਬਾਨ ਤੋਂ ਨਿਕਲੇ ਅਲਫਾਜ਼ ਵੱਖ-ਵੱਖ ਭਾਸ਼ਾ ‘ਚ ਸੀ।


ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਹਿੰਦੀ ‘ਚ ਸਹੁੰ ਚੁੱਕੀ। ਇਸ ਤੋਂ ਇਲਾਵਾ ਕਈ ਅਹਿਜੇ ਮੈਂਬਰ ਵੀ ਸੀ ਜਿਨ੍ਹਾਂ ਨੇ ਵੱਖ-ਵੱਖ ਭਾਸ਼ਾਵਾਂ ‘ਚ ਸਹੁੰ ਚੁੱਕੀ। ਜਿਵੇਂ ਸੰਸਦ ‘ਚ ਸਿਹਤ ਮੰਤਰੀ ਡਾ. ਹਰਸ਼ਵਰਧਨ ਸਿੰਘ, ਰਾਜ ਮੰਤਰੀ ਅਸ਼ਵਿਨੀ ਕੁਮਾਰ ਚੌਬੇ ਤੇ ਪਰਦੀਪ ਚੰਦਰ ਸਾਰੰਗੀ ਨੇ ਸੰਸਕ੍ਰਿਤ ‘ਚ ਸਹੁੰ ਲੈ ਕੇ ਸਭ ਨੂੰ ਹੈਰਾਨ ਕਰ ਦਿੱਤਾ।

30 ਮਈ ਨੂੰ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੰਗ੍ਰੇਜ਼ੀ ‘ਚ ਸਹੁੰ ਚੁੱਕੀ ਸੀ ਪਰ ਅੱਜ ਤਾਂ ਉਨ੍ਹਾਂ ਨੇ ਵੀ ਪੰਜਾਬੀ ਭਾਸ਼ਾ ‘ਚ ਸਹੁੰ ਚੁੱਕੀ। ਬਾਦਲ ਨਾਲ ਹੁਸ਼ਿਆਰਪੁਰ ਸੰਸਦ ਮੈਂਬਰ ਸੋਮਨਾਥ ਪ੍ਰਕਾਸ਼ ਨੇ ਵੀ ਪੰਜਾਬੀ ਭਾਸ਼ਾ ‘ਚ ਆਪਣੇ ਕੰਮ ਤੇ ਅਹੁਦੇ ਲਈ ਸਹੁੰ ਚੁੱਕੀ।

ਕਰਨਾਟਕ ਦੇ ਸੰਸਦੀ ਕਾਰਜ ਮੰਤਰੀ ਪ੍ਰਹਲਾਦ ਜੋਸ਼ੀ ਤੇ ਕੈਮੀਕਲ ਫਰਟੀਲਾਈਜ਼ਰ ਮੰਤਰੀ ਸਦਾਨੰਦ ਗੌਡਾ ਨੇ ਕੰਨੜ ਭਾਸ਼ਾ, ਕੇਰਲ ਦੇ ਕਾਂਗਰਸੀ ਸੰਸਦ ਮੈਂਬਰ ਕੋਡੀਕੇਨਿੰਲ ਸੁਰੇਸ਼ ਨੇ ਹਿੰਦੀ, ਜਿਤੇਂਦਰ ਸਿੰਘ ਨੇ ਡੋਗਰੀ ‘ਚ ਸਹੁੰ ਚੁੱਕੀ।