PM Modi News: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕਦੇ ਪਾਕਿਸਤਾਨ ਭਾਰਤ ਦੀ ਛਾਤੀ 'ਤੇ ਨੱਚਦਾ ਸੀ ਪਰ ਜਿਵੇਂ ਹੀ ਮੋਦੀ ਨੇ ਇਹ ਫੈਸਲਾ ਕਰ ਲਿਆ ਕਿ ਭਾਰਤ ਘਰ ਵਿੱਚ ਵੜ ਕੇ ਮਾਰਾਂਗੇ, ਵੇਖੋ ਅੱਜ ਕੀ ਹਾਲਤ ਹੋ ਗਈ ਹੈ। ਹਿਮਾਚਲ ਪ੍ਰਦੇਸ਼ ਦੇ ਸਿਰਮੌਰ 'ਚ ਜਨ ਸਭਾ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਾਂਗਰਸ 'ਤੇ ਹਮਲਾ ਬੋਲਦਿਆਂ ਉਨ੍ਹਾਂ ਦੀ ਸਰਕਾਰ ਨੂੰ ਕਮਜ਼ੋਰ ਦੱਸਿਆ।
ਇੰਡੀਆ ਗਠਜੋੜ ਨੂੰ ਫਿਰਕੂ, ਜਾਤੀਵਾਦੀ ਅਤੇ ਪਰਿਵਾਰਵਾਦੀ ਕਿਹਾ
ਇੰਡੀਆ ਗਠਜੋੜ 'ਤੇ ਨਿਸ਼ਾਨਾ ਸਾਧਦੇ ਹੋਏ ਪੀਐਮ ਮੋਦੀ ਨੇ ਕਿਹਾ ਕਿ ਕਾਂਗਰਸ ਤੇ ਇੰਡੀਆ ਗਠਜੋੜ ਸੁਆਰਥੀ ਤੇ ਮੌਕਾਪ੍ਰਸਤ ਹੈ। ਇਹ ਲੋਕ ਫਿਰਕੂ, ਜਾਤੀਵਾਦੀ ਅਤੇ ਪਰਿਵਾਰ ਆਧਾਰਿਤ ਹਨ। ਉਨ੍ਹਾਂ ਕਿਹਾ ਕਿ 60 ਸਾਲਾਂ ਵਿੱਚ ਕਾਂਗਰਸ ਨੇ ਇਹ ਨਹੀਂ ਸੋਚਿਆ ਕਿ ਉੱਚ ਵਰਗ ਵਿੱਚ ਵੀ ਗਰੀਬ ਹਨ। ਉਨ੍ਹਾਂ ਨੂੰ ਵੀ ਰਾਖਵੇਂਕਰਨ ਦੀ ਲੋੜ ਹੈ। ਮੇਰੇ ਕੋਲ ਉਨ੍ਹਾਂ ਦੇ ਬੱਚਿਆਂ ਲਈ 10 ਫੀਸਦੀ ਰਾਖਵਾਂਕਰਨ ਹੈ।
ਮੋਦੀ ਤੁਹਾਡੇ ਲਈ ਆਪਣੀ ਜਾਨ ਖਤਰੇ 'ਚ ਪਾ ਦੇਣਗੇ: ਪ੍ਰਧਾਨ ਮੰਤਰੀ
ਪੀਐਮ ਮੋਦੀ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਸਰਹੱਦ ਨਾਲ ਲੱਗਦਾ ਸੂਬਾ ਹੈ। ਹਿਮਾਚਲ ਦੇ ਲੋਕ ਮਜ਼ਬੂਤ ਅਤੇ ਤਾਕਤਵਰ ਸਰਕਾਰ ਦਾ ਮਤਲਬ ਜਾਣਦੇ ਹਨ। ਮੋਦੀ ਤੁਹਾਡੇ ਲਈ ਆਪਣੀ ਜਾਨ ਖਤਰੇ ਵਿੱਚ ਪਾ ਦੇਣਗੇ, ਪਰ ਤੁਹਾਨੂੰ ਕਦੇ ਵੀ ਕੋਈ ਮੁਸੀਬਤ ਨਹੀਂ ਆਉਣ ਦੇਣਗੇ। ਉਨ੍ਹਾਂ ਕਿਹਾ ਕਿ ਮੈਂ ਵਿਕਸਿਤ ਭਾਰਤ, ਵਿਕਸਿਤ ਹਿਮਾਚਲ ਲਈ ਆਸ਼ੀਰਵਾਦ ਚਾਹੁੰਦਾ ਹਾਂ। ਦੇਸ਼ ਵਿੱਚ ਪੰਜ ਪੜਾਵਾਂ ਦੀਆਂ ਚੋਣਾਂ ਹੋ ਚੁੱਕੀਆਂ ਹਨ। ਦੇਸ਼ ਵਿੱਚ ਭਾਜਪਾ ਦੀ ਸਰਕਾਰ ਬਣਨਾ ਤੈਅ ਹੈ।
ਅੱਜ ਪਾਕਿਸਤਾਨ ਦੀ ਹਾਲਤ ਦੇਖੋ: ਪ੍ਰਧਾਨ ਮੰਤਰੀ ਮੋਦੀ
ਪਾਕਿਸਤਾਨ ਦਾ ਜ਼ਿਕਰ ਕਰਕੇ ਪੀਐਮ ਮੋਦੀ ਨੇ ਕਾਂਗਰਸ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਤੁਸੀਂ ਕਾਂਗਰਸ ਦਾ ਦੌਰ ਦੇਖਿਆ ਹੈ। ਜਦੋਂ ਦੇਸ਼ ਵਿੱਚ ਕਮਜ਼ੋਰ ਸਰਕਾਰ ਹੁੰਦੀ ਸੀ। ਉਸ ਸਮੇਂ ਪਾਕਿਸਤਾਨ ਸਾਡੇ ਸਿਰਾਂ 'ਤੇ ਨੱਚਦਾ ਸੀ। ਕਮਜ਼ੋਰ ਕਾਂਗਰਸ ਸਰਕਾਰ ਦੁਨੀਆਂ ਭਰ ਵਿੱਚ ਮਿੰਨਤਾਂ ਕਰਦੀ ਫਿਰਦੀ ਸੀ। ਉਨ੍ਹਾਂ ਕਿਹਾ ਕਿ ਪਰ ਜਿਵੇਂ ਮੋਦੀ ਨੇ ਕਿਹਾ ਸੀ ਕਿ ਭਾਰਤ ਹੁਣ ਦੁਨੀਆ ਤੋਂ ਭੀਖ ਨਹੀਂ ਮੰਗੇਗਾ, ਭਾਰਤ ਆਪਣੀ ਲੜਾਈ ਆਪ ਲੜੇਗਾ ਤੇ ਇਸ ਤੋਂ ਬਾਅਦ ਭਾਰਤ ਨੇ ਘਰ ਵਿੱਚ ਵੜ ਕੇ ਮਾਰਿਆ
ਪੀਐਮ ਮੋਦੀ ਨੇ ਕਿਹਾ ਕਿ ਮੈਂ ਮਾਂ ਭਾਰਤੀ ਦਾ ਅਪਮਾਨ ਬਰਦਾਸ਼ਤ ਨਹੀਂ ਕਰ ਸਕਦਾ, ਪਰ ਕਾਂਗਰਸ ਮਾਂ ਭਾਰਤੀ ਦਾ ਅਪਮਾਨ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੀ। ਕਾਂਗਰਸ ਨੂੰ ਭਾਰਤ ਮਾਤਾ ਦੀ ਜੈ ਕਹਿਣ ਨਾਲ ਸਮੱਸਿਆ ਹੈ। ਉਸ ਨੂੰ ਵੰਦੇ ਮਾਤਰਮ ਕਹਿਣ ਵਿੱਚ ਸਮੱਸਿਆ ਹੈ। ਅਜਿਹੀ ਕਾਂਗਰਸ ਹਿਮਾਚਲ ਦਾ ਕਦੇ ਵੀ ਭਲਾ ਨਹੀਂ ਕਰ ਸਕਦੀ।
ਉਨ੍ਹਾਂ ਕਿਹਾ ਕਿ ਜਦੋਂ ਸਰਹੱਦੀ ਸੂਬੇ ਵਿੱਚ ਸੜਕਾਂ ਬਣਾਉਣ ਦੀ ਗੱਲ ਆਉਂਦੀ ਸੀ ਤਾਂ ਕਾਂਗਰਸ ਲਾਚਾਰ ਹੋ ਜਾਂਦੀ ਸੀ। ਕਾਂਗਰਸ ਨੂੰ ਡਰ ਸੀ ਕਿ ਜੇ ਸੜਕ ਬਣੀ ਤਾਂ ਦੁਸ਼ਮਣ ਉਸ ਸੜਕ ਰਾਹੀਂ ਅੰਦਰ ਆ ਜਾਵੇਗਾ। ਅਜਿਹੀ ਡਰਪੋਕ ਸੋਚ ਮੋਦੀ ਦੇ ਸੁਭਾਅ ਨਾਲ ਮੇਲ ਨਹੀਂ ਖਾਂਦੀ।