ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ 'ਮਨ ਕੀ ਬਾਤ' ਕਰਦੇ ਹੋਏ ਔਰਤਾਂ ਦੀ ਹਿੱਸੇਦਾਰੀ ਨੂੰ ਲੈ ਕੇ ਕਈ ਗੱਲਾਂ ਆਖੀਆਂ। ਉਨ੍ਹਾਂ ਕਿਹਾ ਕਿ ਸਮਾਜਿਕ ਤੇ ਆਰਥਿਕ ਜ਼ਿੰਦਗੀ ਦੇ ਸਾਰੇ ਖੇਤਰਾਂ ਵਿੱਚ ਔਰਤਾਂ ਦੀ ਬਰਾਬਰੀ ਪੱਕੀ ਕਰਨਾ ਸਾਡੀ ਡਿਉਟੀ ਹੈ। ਇਹੀ ਨਵੇਂ ਭਾਰਤ ਦਾ ਸੁਫਨਾ ਹੈ। ਉਨ੍ਹਾਂ ਕਿਹਾ ਕਿ ਕੌਮਾਂਤਰੀ ਔਰਤ ਦਿਹਾੜੇ ਮੌਕੇ 100 ਸਾਲ ਦੀ ਉਮਰ ਪੂਰੀ ਕਰਨ ਵਾਲੀਆਂ ਔਰਤਾਂ ਦੇ ਸਨਮਾਨ ਵਿੱਚ ਪ੍ਰੋਗਰਾਮ ਕਰਵਾਏ ਜਾਣਗੇ।


ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰ ਸਾਲ ਅੱਠ ਮਾਰਚ ਨੂੰ ਕੌਮਾਂਤਰੀ ਔਰਤ ਦਿਹਾੜਾ ਮਨਾਇਆ ਜਾਂਦਾ ਹੈ। ਦੇਸ਼ ਤੇ ਦੁਨੀਆ ਵਿੱਚ ਕਈ ਪ੍ਰੋਗਰਾਮ ਹੁੰਦੇ ਹਨ। ਇਸ ਦਿਨ ਉਨ੍ਹਾਂ ਔਰਤਾਂ ਦਾ ਸਨਮਾਨ ਵੀ ਹੁੰਦਾ ਹੈ ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ ਵਿੱਚ ਵਧੀਆ ਕੰਮ ਕੀਤਾ ਹੋਵੇ।

ਮੋਦੀ ਨੇ ਕਿਹਾ, "ਅਸੀਂ ਉਸ ਸਭਿਆਚਾਰ ਦਾ ਹਿੱਸਾ ਹਾਂ ਜਿੱਥੇ ਬੰਦਿਆਂ ਦੀ ਪਛਾਣ ਔਰਤਾਂ ਕਾਰਨ ਹੁੰਦੀ ਹੈ। ਅੱਜ ਦੀ ਔਰਤ ਨੇ ਵੀ ਆਪਣੀ ਤਾਕਤ ਨਾਲ ਆਪਣੀ ਪਛਾਣ ਬਣਾਈ ਹੈ। ਆਖਿਰ ਸਾਡਾ ਨਵੇਂ ਭਾਰਤ ਦਾ ਸੁਫਨਾ ਇਹੋ ਤਾਂ ਹੈ ਜਿੱਥੇ ਔਰਤਾਂ ਨੂੰ ਬਰਾਬਰ ਦੇ ਹੱਕ ਹੋਣ ਤੇ ਉਹ ਪਹਿਲਾਂ ਨਾਲੋਂ ਹੋਰ ਤਾਕਤਵਰ ਹੋ ਕੇ ਸਾਹਮਣੇ ਆਵੇ।"

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਦਿਨੀਂ ਮੈਨੂੰ ਇੱਕ ਵਧੀਆ ਆਇਡੀਆ ਮਿਲਿਆ। ਇਹ ਸੁਝਾਅ ਸੀ ਕਿ 8 ਮਾਰਚ ਨੂੰ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਹੁੰਦੇ ਹਨ ਕਿ ਅਜਿਹਾ ਨਹੀਂ ਹੋ ਸਕਦਾ ਕਿ 100 ਸਾਲ ਪੂਰਾ ਕਰਨ ਵਾਲੀਆਂ ਔਰਤਾਂ ਦੇ ਸਨਮਾਨ ਵਿੱਚ ਪ੍ਰੋਗਰਾਮ ਹੋਣ। ਮੈਨੂੰ ਇਹ ਵਿਚਾਰ ਚੰਗਾ ਲੱਗਿਆ ਤੇ ਇਸ ਲਈ ਤੁਹਾਡੇ ਤੱਕ ਪੁੱਜਦਾ ਕਰ ਰਿਹਾ ਹਾਂ।