ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ SC-ST ਐਕਟ ਸਬੰਧੀ ਵੱਡਾ ਬਿਆਨ ਦਿੱਤਾ ਹੈ। ਪੀਐਮ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਇਸ ਐਕਟ ਵਿੱਚ ਕੋਈ ਬਦਲਾਵ ਨਹੀਂ ਕਰੇਗੀ। ਸਰਕਾਰ ਨੇ ਦਲਿਤਾਂ ਨਾਲ ਹੁੰਦੀ ਧੱਕੇਸ਼ਾਹੀ ਰੋਕਣ ਲਈ ਸਖ਼ਤ ਕਾਨੂੰਨ ਬਣਾਏ ਹਨ। ਪਿਛਲੇ ਦਿਨੀਂ SC-ST ਐਕਟ ਵਿੱਚ ਸੁਪਰੀਮ ਕੋਰਟ ਵੱਲੋਂ ਫੇਰਬਦਲ ਕਰਨ ਪਿੱਛੋਂ ਦੇਸ਼ ਦੋ ਕਈ ਹਿੱਸਿਆਂ ਵਿੱਚ ਵਿਰੋਧ ਪ੍ਰਦਰਸ਼ਨ ਹੋਏ ਸਨ।
ਦਲਿਤਾਂ ਖ਼ਿਲਾਫ਼ 22 ਵੱਖ-ਵੱਖ ਅਪਰਾਧਾਂ ਨੂੰ ਵਧਾ ਕੇ 47 ਕੀਤਾ
ਸ੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਕਾਨੂੰਨ ਦੇ ਮਾਧਿਅਮ ਨਾਲ ਸਮਾਜਿਕ ਸੰਤੁਲਨ ਬਣਾਈ ਰੱਖਣ ਦੀ ਹਮੇਸ਼ਾ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ 2015 ਵਿੱਚ ਉਨ੍ਹਾਂ ਦੀ ਸਰਕਾਰ ਨੇ ਦਲਿਤਾਂ ’ਤੇ ਹੋਣ ਵਾਲੇ ਅੱਤਿਆਚਾਰ ਰੋਕਣ ਲਈ ਕਾਨੂੰ ਨੂੰ ਹੋਰ ਸਖ਼ਤ ਕੀਤਾ ਸੀ ਅਤੇ ਹੁਣ ਦਲਿਤਾਂ ’ਤੇ ਹੋਣ ਵਾਲੇ ਅੱਤਿਆਚਾਰਾਂ ਦੀ ਲਿਸਟ ਨੂੰ 22 ਵੱਖ-ਵੱਖ ਅਪਰਾਧਾਂ ਤੋਂ ਵਧਾ ਕੇ 47 ਕਰ ਦਿੱਤਾ ਗਿਆ ਹੈ।
ਪੀਐਮ ਮੋਦੀ ਨੇ ਦੱਸਿਆ ਕਿ ਦਲਿਤਾਂ ’ਤੇ ਅੱਤਿਆਚਾਰ ਨਾਲ ਜੁੜੇ ਮਾਮਲਿਆਂ ਦੀ ਤੇਜ਼ ਸੁਣਵਾਈ ਲਈ ਵਿਸ਼ੇਸ਼ ਅਦਾਲਤ ਬਣਾਈ ਜਾ ਰਹੀ ਹੈ। ਸਰਕਾਰ ਨੇ ਪੱਛੜੀਆਂ ਜਾਤੀਆਂ ਦੀ ਅਗਾਊਂ ਵੰਡ ਲਈ ਵੀ ਕਮਿਸ਼ਨ ਬਣਾਇਆ ਹੈ।
ਮੋਦੀ ਨੇ ਰਾਖਵੇਂਕਰਨ ਸਬੰਧੀ ਕਾਂਗਰਸ ’ਤੇ ਕੱਸਿਆ ਨਿਸ਼ਾਨ
ਇਸ ਦੌਰਾਨ ਮੋਦੀ ਨੇ ਕਾਂਗਰਸ ’ਤੇ ਵੀ ਸ਼ਬਦੀ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਦੇਸ਼ ਦੇ ਇਤਿਹਾਸ ਤੋਂ ਬਾਬਾ ਸਾਹਿਬ ਦਾ ਨਾਮੋ-ਨਿਸ਼ਾਨ ਮਿਟਾਉਣ ਲਈ ਕਾਂਗਰਸ ਨੇ ਪੂਰਾ ਜ਼ੋਰ ਲਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਇਹ ਇਤਿਹਾਸ ਦਾ ਕੌੜਾ ਸੱਚ ਹੈ ਕਿ ਜਦੋਂ ਬਾਬਾ ਸਾਹਿਬ ਜਿਉਂਦੇ ਸਨ, ਤਦ ਵੀ ਕਾਂਗਰਸ ਨੇ ਉਨ੍ਹਾਂ ਦੇ ਨਿਰਾਦਰ ਵਿੱਚ ਕੋਈ ਕਸਰ ਨਹੀਂ ਛੱਡੀ ਸੀ। ਉਨ੍ਹਾਂ ਕਾਂਗਰਸ ਦੋਸ਼ ਲਾਇਆ ਕਿ ਕਾਂਗਰਸ ਆਪਣੇ ’ਤੇ ਲੱਗੇ ਦੋਸ਼ਾਂ ਤੋਂ ਬਚਣ ਲਈ ਸਾਜ਼ਿਸ਼ਾਂ ਰਚਣ ਲੱਗੀ ਹੈ।