ਨਵੀਂ ਦਿੱਲੀ: ਪੰਜਾਬ ਬੈਂਕ ਨੈਸ਼ਨਲ ਬੈਂਕ (ਪੀਐਨਬੀ) ਨਾਲ 12 ਹਜ਼ਾਰ ਕਰੋੜ ਰੁਪਏ ਤੋਂ ਵੀ ਵੱਧ ਦੀ ਠੱਗੀ ਮਾਰ ਕੇ ਫਰਾਰ ਹੋਏ ਨੀਰਵ ਮੋਦੀ ਦੀਆਂ ਮੁਸ਼ਕਲਾਂ ਹੁਣ ਜਾਂਚ ਕਰ ਰਹੀਆਂ ਏਜੰਸੀਆਂ ਦੇ ਨਾਲ ਕਿਸਾਨਾਂ ਨੇ ਵਧਾ ਦਿੱਤੀਆਂ ਹਨ। ਮਹਾਰਾਸ਼ਟਰ ਵਿੱਚ ਅਹਿਮਨਗਰ ਜ਼ਿਲ੍ਹੇ ਦੇ ਖੰਡਾਲਾ ਪਿੰਡ ਵਿੱਚ ਕਿਸਾਨਾਂ ਨੇ ਨੀਰਵ ਮੋਦੀ ਦੀ ਤਕਰੀਬਨ 250 ਏਕੜ ਜ਼ਮੀਨ ਉੱਤੇ ਕਬਜ਼ਾ ਕਰ ਲਿਆ ਹੈ। ਹੁਣ ਕਿਸਾਨ ਇਸ ਜ਼ਮੀਨ ਉੱਤੇ ਇੱਕ ਵਾਰ ਫਿਰ ਤੋਂ ਖੇਤੀ ਕਰਨਗੇ।


ਤਕਰਬੀਨ 200 ਕਿਸਾਨਾਂ ਨੇ ਨੀਰਵ ਮੋਦੀ ਦੀ ਜ਼ਮੀਨ 'ਤੇ ਕਬਜ਼ਾ ਕਰਨ ਮਗਰੋਂ ਜਸ਼ਨ ਮਨਾਇਆ। ਖੰਡਾਲਾ ਦੀ ਕਰਜਤ ਤਹਿਸੀਲ ਦੇ ਕਿਸਾਨਾਂ ਦਾ ਦਾਅਵਾ ਹੈ ਕਿ ਕੁਝ ਸਾਲ ਪਹਿਲਾਂ ਨੀਰਵ ਮੋਦੀ ਦੀ ਕੰਪਨੀ ਨੇ ਫਾਇਰਸਟਾਰ ਦੇ ਸੋਲਰ ਪ੍ਰੋਜੈਕਟ ਲਈ ਕਿਸਾਨਾਂ ਤੋਂ ਘੱਟ ਕੀਮਤ 'ਤੇ ਇਹ ਜ਼ਮੀਨ ਖਰੀਦੀ ਸੀ। ਹੁਣ ਕਿਸਾਨਾਂ ਨੇ ਉਸੇ ਜ਼ਮੀਨ ਉੱਪਰ ਮੁੜ ਕਬਜ਼ਾ ਕਰਕੇ ਆਪਣਾ ਝੰਡਾ ਗੱਢ ਦਿੱਤਾ। ਇੱਕ ਕਿਸਾਨ ਨੇ ਦੱਸਿਆ ਕਿ ਛੇਤੀ ਹੀ ਇਸ ਜ਼ਮੀਨ 'ਤੇ ਖੇਤੀ ਸ਼ੁਰੂ ਹੋ ਜਾਵੇਗੀ।

ਅਹਿਮਦਨਗਰ ਦੇ ਕਿਸਾਨਾਂ ਨੇ ਨੀਰਵ ਮੋਦੀ ਉੱਤੇ ਘੁਟਾਲੇਬਾਜ਼ ਹੋਣ ਦੇ ਨਾਲ-ਨਾਲ ਲੈਂਡ ਮਾਫੀਆ ਹੋਣ ਦੇ ਵੀ ਦੋਸ਼ ਲਾਏ। ਕਿਸਾਨਾਂ ਦੇ ਨਾਲ ਪ੍ਰਦਰਸ਼ਨ ਵਿੱਚ ਸਮਾਜਿਕ ਵਰਕਰ ਤੇ ਵਕੀਲ ਕਰਭਾਰੀ ਗਵਲੀ ਨੇ ਦਾਅਵਾ ਕੀਤਾ ਕਿ ਉਸ ਤੋਂ 5000 ਰੁਪਏ ਪ੍ਰਤੀ ਏਕੜ ਦੇ ਮੁੱਲ ਨਾਲ ਜ਼ਮੀਨ ਖਰੀਦੀ ਗਈ ਸੀ, ਜਦਕਿ ਇਸ ਦਾ ਸਰਕਾਰੀ ਮੁੱਲ ਦੇ ਹਿਸਾਬ ਨਾਲ ਮੁਆਵਜ਼ਾ 20 ਲੱਖ ਰੁਪਏ ਏਕੜ ਹੈ।

ਕਿਸਾਨਾਂ ਨੇ ਜਿਸ ਜ਼ਮੀਨ 'ਤੇ ਕਬਜ਼ਾ ਕੀਤਾ ਹੈ, ਇਸ 'ਤੇ ਈਡੀ ਨੇ ਨੀਰਵ ਮੋਦੀ ਖਿਲਾਫ ਜਾਂਚ ਸ਼ੁਰੂ ਕੀਤੀ ਹੈ। ਤੁਹਾਨੂੰ ਦੱਸ ਦਈਏ ਕਿ ਪੰਜਾਬ ਨੈਸ਼ਨਲ ਬੈਂਕ ਵਿੱਚ ਕਰੋੜਾਂ ਰੁਪਏ ਦੇ ਘੁਟਾਲੇ ਉਜਾਗਰ ਹੋਣ ਤੋਂ ਬਾਅਦ ਨੀਰਵ ਤੇ ਉਸ ਦੇ ਮਾਮਾ ਮੇਹੁਲ ਚੌਕਸੀ ਮੁਲਜ਼ਮ ਹਨ। ਸੀ.ਬੀ.ਆਈ, ਈ.ਡੀ. ਤੇ ਹੋਰ ਏਜੰਸੀਆਂ ਉਨ੍ਹਾਂ ਦੇ ਖਿਲਾਫ ਜਾਂਚ ਕਰ ਰਹੀਆਂ ਹਨ।