ਨਵੀਂ ਦਿੱਲੀ: ਦੇਸ਼ ਵਿੱਚ ਗਊ ਰਾਖਿਆਂ ਵੱਲੋਂ ਕੀਤੇ ਜਾਣ ਵਾਲੇ ਕਤਲਾਂ ਵਿੱਚ ਪੁਲਿਸ ਦੀ ਵੀ ਸ਼ਮੂਲੀਅਤ ਹੁੰਦੀ ਹੈ। ਇਹ ਦਾਅਵਾ ਮਨੁੱਖੀ ਅਧਿਕਾਰ ਸੰਸਥਾ 'ਹਿਊਮਨ ਰਾਈਟ ਵਾਚ' ਨੇ ਕੀਤਾ ਹੈ। ਸੰਸਥਾ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਮਈ, 2015 ਤੋਂ ਲੈ ਕੇ ਦਸੰਬਰ 2018 ਦਰਮਿਆਨ ਗਊ ਹੱਤਿਆ ਤੇ ਤਸਕਰੀ ਨਾਲ ਜੁੜੇ ਮਾਮਲਿਆਂ ਵਿੱਚ 44 ਲੋਕਾਂ ਦਾ ਕਤਲ ਹੋਇਆ ਹੈ, ਜਿਨ੍ਹਾਂ ਵਿੱਚੋਂ 36 ਮੁਸਲਮਾਨ ਸਨ।

'ਹਿਊਮਨ ਰਾਈਟ ਵਾਚ' ਨੇ ਇਹ ਵੀ ਦਾਅਵਾ ਕੀਤਾ ਹੈ ਕਿ ਹੱਤਿਆ ਦੇ ਹਰ ਕੇਸ ਵਿੱਚ ਪੁਲਿਸ ਨੇ ਸ਼ੁਰੂਆਤੀ ਜਾਂਚ ਵੀ ਰੋਕ ਕੇ ਰੱਖੀ। ਸੰਸਥਾ ਦੀ ਦੱਖਣੀ ਏਸ਼ਿਆਈ ਨਿਰਦੇਸ਼ਕ ਮੀਨਾਕਸ਼ੀ ਗਾਂਗੁਲੀ ਨੇ ਕਿਹਾ ਹੈ ਕਿ ਗਊ ਰੱਖਿਆ ਮੁਹਿੰਮ ਇੱਕ ਭੀੜ ਵਿੱਚ ਬਦਲ ਗਈ ਹੈ। ਇਸ ਦੇ ਬਹਾਨੇ ਘੱਟ ਗਿਣਤੀ ਵਰਗ ਦੇ ਲੋਕਾਂ 'ਤੇ ਹਮਲੇ ਵਧੇ ਹਨ।

ਮੀਨਾਕਸ਼ੀ ਗਾਂਗੁਲੀ ਨੇ ਇੱਥੋਂ ਤਕ ਕਿਹਾ ਹੈ ਕਿ ਗਊ ਰੱਖਿਆ ਦੀ ਸ਼ੁਰੂਆਤ ਹਿੰਦੂ ਵੋਟ ਨੂੰ ਆਪਣੇ ਪੱਖ ਵਿੱਚ ਕਰਨ ਲਈ ਕੀਤੀ ਗਈ। ਪਰ ਇਹ ਸ਼ੁਰੂਆਤ ਬਦਲ ਕੇ ਇੱਕ ਫਰੀ ਪਾਸ ਵਿੱਚ ਬਦਲ ਗਈ ਜਿਸ ਬਹਾਨੇ ਭੀੜ ਨੇ ਘੱਟ ਗਿਣਤੀਆਂ ਨਾਲ ਸਬੰਧਤ ਲੋਕਾਂ 'ਤੇ ਹਮਲੇ ਕੀਤੇ ਗਏ ਤੇ ਉਨ੍ਹਾਂ ਦੀ ਹੱਤਿਆ ਕੀਤੀ ਗਈ।

ਗਾਂਗੁਲੀ ਨੇ ਕਿਹਾ ਕਿ ਦੇਸ਼ ਦੀਆਂ ਸੰਸਥਾਵਾਂ ਨੂੰ ਇਸ ਤਰ੍ਹਾਂ ਦੇ ਹਮਲਿਆਂ 'ਤੇ ਪਰਦੇ ਪਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਤੇ ਦੋਸ਼ੀਆਂ ਦਾ ਬਚਾਅ ਕਰਨ ਤੋਂ ਬਚਣਾ ਚਾਹੀਦਾ ਹੈ। ਇਸ ਬਾਰੇ ਪ੍ਰਧਾਨ ਮੰਤਰੀ ਮੋਦੀ ਵੀ ਅਪੀਲ ਕਰ ਚੁੱਕੇ ਹਨ ਪਰ ਇਸ ਦੇ ਬਾਵਜੂਦ ਇਹ ਹਜੂਮੀ ਕਤਲ ਵਾਪਰਦੇ ਹਨ।