ਨਵੀਂ ਦਿੱਲੀ: ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਧੀ ਸਵਾਤੀ ਜੋ ਹੁਣ ਤੱਕ ਏਅਰਹੋਸਟੈੱਸ ਵਜੋਂ ਨੌਕਰੀ ਕਰ ਰਹੀ ਸੀ, ਨੂੰ ਸੁਰੱਖਿਆ ਕਾਰਨਾਂ ਕਰਕੇ ਗ੍ਰਾਂਊਡ ਡਿਊਟੀ 'ਤੇ ਲਾ ਦਿੱਤਾ ਗਿਆ ਹੈ। ਰਾਸ਼ਟਰਪਤੀ ਦੀ ਧੀ ਏਅਰ ਇੰਡੀਆ ਲਈ ਕੰਮ ਕਰਦੀ ਹੈ। ਸਵਾਤੀ ਹੁਣ ਤੱਕ ਬੋਇੰਗ 787 ਤੇ ਬੋਇੰਗ 777 ਵਿੱਚ ਕੈਬਿਨ ਕਰੂ ਮੈਂਬਰ ਸੀ। ਇਹ ਜਹਾਜ਼ ਯੂਰਪ, ਅਮਰੀਕਾ, ਆਸਟ੍ਰੇਲੀਆ ਲਈ ਉਡਾਣ ਭਰਦੇ ਹਨ। ਸਵਾਤੀ ਨੂੰ ਹੁਣ ਏਅਰ ਇੰਡੀਆ ਦੇ ਹੈੱਡਕੁਆਟਰ ਵਿੱਚ ਤਾਇਨਾਤ ਕਰ ਦਿੱਤਾ ਗਿਆ ਹੈ।
ਨਿਊਜ਼ ਚੈਨਲ ਖ਼ਬਰ ਮੁਤਾਬਕ ਏਅਰਲਾਈਨ ਦੇ ਅਧਿਕਾਰੀ ਨੇ ਦੱਸਿਆ ਹੈ ਕਿ ਰਾਸ਼ਟਰਪਤੀ ਦੀ ਧੀ ਹੋਣ ਕਾਰਨ ਉਸ ਨੂੰ ਹੁਣ ਏਅਰਹੋਸਟੈੱਸ ਬਣਾ ਕੇ ਫਲਾਈਟ ਵਿੱਚ ਭੇਜਿਆ ਨਹੀਂ ਜਾ ਸਕਦਾ। ਉਨ੍ਹਾਂ ਇਸ ਪਿੱਛੇ ਕਾਰਨ ਦੱਸਿਆ ਕਿ ਜੇਕਰ ਰਾਸ਼ਟਰਪਤੀ ਦੀ ਧੀ ਫਲਾਈਟ ਵਿੱਚ ਰਹਿੰਦੀ ਹੈ ਤਾਂ ਉਸ ਲਈ ਕਈ ਤਰ੍ਹਾਂ ਦੇ ਵਿਸ਼ੇਸ਼ ਇੰਤਜ਼ਾਮ ਕਰਨੇ ਪੈਣਗੇ। ਅਧਿਕਾਰੀ ਨੇ ਦੱਸਿਆ ਕਿ ਸਵਾਤੀ ਜਿੱਥੇ ਮੌਜੂਦ ਹੋਵੇਗੀ ਉੱਥੇ ਮੁਸਾਫਰਾਂ ਦਾ ਜਾਣਾ ਬੰਦ ਕਰਨਾ ਪੈਣਾ ਸੀ। ਇਸ ਲਈ ਉਨ੍ਹਾਂ ਸਵਾਤੀ ਦੀ ਡਿਊਟੀ ਨੂੰ ਜ਼ਮੀਨੀ ਦਫ਼ਤਰ ਵਿੱਚ ਤਬਦੀਲ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਸਵਾਤੀ ਨੇ ਕੰਮ ਦੌਰਾਨ ਆਪਣੇ ਨਾਂ ਨਾਲ ਉਪਨਾਮ ਦੀ ਵਰਤੋਂ ਨਹੀਂ ਕਰਦੀ ਸੀ। ਜਦੋਂ ਉਸ ਦੇ ਪਿਤਾ ਰਾਸ਼ਟਰਪਤੀ ਦੀ ਚੋਣ ਲੜ ਰਹੇ ਸੀ ਤਾਂ ਉਸ ਨੇ ਇਸ ਦਾ ਜ਼ਿਕਰ ਕੀਤੇ ਬਗ਼ੈਰ ਕੰਮ ਤੋਂ ਛੁੱਟੀ ਲੈ ਲਈ ਸੀ। ਛੁੱਟੀ ਤੋਂ ਬਾਅਦ ਉਹ ਜਦੋਂ ਕੰਮ 'ਤੇ ਵਾਪਸ ਆਈ ਤਾਂ ਉਸ ਨੂੰ ਗ੍ਰਾਊਂਡ ਸਟਾਫ ਵਿੱਚ ਭੇਜ ਦਿੱਤਾ ਗਿਆ ਹੈ।