ਨਵੀਂ ਦਿੱਲੀ: ਕਾਂਗਰਸ ਪਾਰਟੀ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਿਦੇਸ਼ ਤੋਂ ਵਾਪਸ ਆ ਚੁੱਕੀ ਹੈ। ਜਲਦੀ ਹੀ ਪੂਰਬੀ ਉੱਤਰ ਪ੍ਰਦੇਸ਼ ਦੀ ਜ਼ਿੰਮੇਵਾਰੀ ਸੰਭਾਲੇਗੀ। ਵਿਦੇਸ਼ ਤੋਂ ਆਉਂਦੇ ਹੀ ਪ੍ਰਿਅੰਕਾ ਗਾਂਧੀ ਨੇ ਸਭ ਤੋਂ ਪਹਿਲਾਂ ਤੁਗਲਕ ਰੋਡ ‘ਤੇ ਸਥਿਤ ਰਾਹੁਲ ਗਾਂਧੀ ਦੇ ਨਿਵਾਸ ਪਹੁੰਚ ਉਸ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਰਾਹੁਲ ਨੇ ਕਿਹਾ ਕਿ ਪ੍ਰਿਅੰਕਾ ਸਿਰਫ ਯੂਪੀ ਦੀ ਹੀ ਨਹੀਂ ਸਗੋਂ ਅੱਗੇ ਚੱਲ ਕੇ ਦੇਸ਼ ਦੀ ਜ਼ਿੰਮੇਦਾਰੀ ਵੀ ਸੰਭਾਲ ਸਕਦੀ ਹੈ।

ਰਾਹੁਲ ਨੇ ਕਿਹਾ, “ਜਨਰਲ ਸਕੱਤਰ ਨੈਸ਼ਨਲ ਜ਼ਿੰਮੇਵਾਰੀ ਹੁੰਦੀ ਹੈ। ਮੈਂ ਜ਼ਿੰਮੇਵਾਰੀ ਦਿੰਦਾ ਹਾਂ ਤੇ ਜੋ ਜ਼ਿੰਮੇਵਾਰੀ ਦਿੰਦਾ ਹਾਂ ਉਸ ‘ਚ ਕਾਮਯਾਬ ਹੋਣ ਤੋਂ ਬਾਅਦ ਦੂਜੀ ਜ਼ਿੰਮੇਵਾਰੀ ਦਿੰਦਾ ਹਾਂ।” ਰਾਹੁਲ ਗਾਂਧੀ ਨੇ ਇੱਕ ਇੰਟਰਵਿਊ ‘ਚ ਕਿਹਾ, “ਵਿਰੋਧੀ ਧਿਰਾਂ ਇਕੱਠੀਆਂ ਹਨ, ਭਾਜਪਾ ‘ਚ ਪਾੜ ਹੈ, ਜਿੱਥੇ ਸੀਨੀਅਰ ਨੇਤਾ ਮੋਦੀ ਨਾਲੋਂ ਘੱਟ ਅਹਿਮੀਅਤ ਮਿਲਣ ‘ਤੇ ਨਾਖੁਸ਼ ਹਨ।”



ਰਾਹੁਲ ਨੇ ਕਿਹਾ ਕਿ ਜੇਕਰ ਉਹ ਅੱਜ ਨਿਤਿਨ, ਸੁਸ਼ਮਾ, ਰਾਜਨਾਥ ਜਿਹੇ ਨੇਤਾਵਾਂ ਨਾਲ ਗੱਲ ਕਰਨਗੇ ਤਾਂ ਉਹ ਇਹ ਜਾਣ ਕੇ ਹੈਰਾਨ ਨਹੀਂ ਹੋਣਗੇ ਕਿ ਇਹ ਸਭ ਮੰਤਰੀ ਮੋਦੀ ਦੇ ਕੰਮ ਕਰਨ ਦੇ ਤਰੀਕੇ ਤੋਂ ਖੁਸ਼ ਨਹੀਂ ਹਨ ਜਿਸ ਕਰਕੇ ਭਾਜਪਾ ‘ਚ ਪਾੜ ਪਈ ਹੈ। ਅਯੋਧਿਆ ‘ਚ ਰਾਮ ਮੰਦਰ ਬਾਰੇ ਕਾਂਗਰਸ ਪ੍ਰਧਾਨ ਰਾਹੁਲ ਨੇ ਕਿਹਾ ਕਿ ਮਾਮਲਾ ਸੁਪਰੀਮ ਕੋਰਟ ‘ਚ ਹੈ ਤੇ ਇਸ ‘ਤੇ ਮੈਂ ਕੁਝ ਕਹਾਂ ਇਹ ਸਹੀ ਨਹੀਂ ਹੋਵੇਗਾ। ਕੋਰਟ ਦਾ ਜੋ ਵੀ ਫੈਸਲਾ ਹੋਵੇਗਾ, ਕਾਂਗਰਸ ਸਰਕਾਰ ਉਸ ਨੂੰ ਸਵੀਕਾਰ ਕਰੇਗੀ।

ਉਨ੍ਹਾਂ ਨੇ ਸੰਸਥਾਵਾਂ ‘ਤੇ ਹੋ ਰਹੇ ਹਮਲੇ ਬਾਰੇ ਗੱਲ ਕਰਦਿਆਂ ਕਿਹਾ, “ਦੇਸ਼ ‘ਚ ਜਮਹੂਰੀ ਸੰਸਥਾਵਾਂ ਮੋਦੀ ਦੇ ਤਾਨਾਸ਼ਾਹੀ ਰਵੱਈਏ ਕਰਕੇ ਖ਼ਤਰੇ ‘ਚ ਹਨ। ਮੋਦੀ ਨੂੰ ਲੱਗਦਾ ਹੈ ਕਿ ਉਹ ਦੇਸ਼ ਦੇ ਰੱਬ ਹਨ। ਅਸੀਂ ਮੰਨਦੇ ਹਾਂ ਕਿ ਦੇਸ਼ ਦੇ ਸੰਘੀ ਢਾਂਚੇ ਨਾਲ ਛੇੜਛਾੜ ਨਹੀਂ ਕੀਤੀ ਜਾ ਸਕਦੀ। ਤੁਹਾਨੂੰ ਇਨ੍ਹਾਂ ਸੰਸਥਾਵਾਂ ਦੀ ਰੱਖਿਆ ਕਰਨੀ ਪਵੇਗੀ, ਕਿਉਂਕਿ ਇਹ ਦੇਸ਼ ਦੀ ਆਤਮਾ ਹੈ।” ਇਸ ਤੋਂ ਇਲਾਵਾ ਵੀ ਰਾਹੁਲ ਨੇ ਆਪਣੇ ਇੰਟਰਵਿਊ ‘ਚ ਮੋਦੀ ‘ਤੇ ਕਈ ਮੁੱਦਿਆਂ ਨੂੰ ਲੈ ਕੇ ਨਿਸ਼ਾਨੇ ਸਾਧੇ।