ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਦੀ ਪੰਜਾਬ ਨੇ ਸਤਲੁਜ-ਯਮੁਨਾ ਲਿੰਕ ਨਹਿਰ ਦੇ ਮਸਲੇ 'ਤੇ ਆਪਣਾ ਪੱਖ ਸਾਫ਼ ਕਰਦਿਆਂ ਕਿਹਾ ਹੈ ਕਿ ਪੰਜਾਬ ਦੇ ਪਾਣੀ ਬਾਹਰ ਨਹੀਂ ਜਾਣਗੇ। ਬੀਜੇਪੀ ਨੂੰ ਇਹ ਬਿਆਨ ਇਸ ਦੇਣਾ ਪਿਆ ਹੈ ਕਿਉਂਕਿ ਹਰਿਆਣਾ ਦੇ ਵਿੱਤ ਮੰਤਰੀ ਕੈਪਟਨ ਅਭਿਮੰਨਿਊ ਨੂੰ ਲੋਕ ਸਭਾ ਚੋਣਾਂ ਲਈ ਪੰਜਾਬ ਤੇ ਚੰਡੀਗੜ੍ਹ ਦਾ ਇੰਚਾਰਜ ਲਾਇਆ ਗਿਆ ਹੈ, ਜਿਸ 'ਤੇ ਕਾਂਗਰਸ ਹਮਲਾਵਰ ਹੈ ਕਿ ਕੈਪਟਨ ਅਭਿਮੰਨਿਊ ਐਸਵਾਈਐਲ ਦੇ ਹੱਕ ਵਿੱਚ ਹਨ।


ਭਾਜਪਾ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਨੇ ਪ੍ਰੈਸ ਕਾਨਫ਼ਰੰਸ ਕਰਦਿਆਂ ਕਿਹਾ ਕਿ ਪੰਜਾਬ ਬੀਜੇਪੀ ਦਾ ਸਟੈਂਡ ਐਸਵਾਈਐਲ ਦੇ ਮੁੱਦੇ 'ਤੇ ਪੰਜਾਬ ਦੇ ਨਾਲ ਹੈ, ਪਰ ਇਸਦੇ ਨਾਲ ਮਲਿਕ ਨੇ ਇਹ ਵੀ ਸਪੱਸ਼ਟ ਕੀਤਾ ਕਿ ਇਹ ਸਟੈਂਡ ਸਿਰਫ ਪੰਜਾਬ ਦੀ ਬੀਜੇਪੀ ਯੂਨਿਟ ਦਾ ਹੈ ਨਾ ਕਿ ਸਮੁੱਚੀ ਪਾਰਟੀ ਦਾ। ਹਰਿਆਣਾ ਦੇ ਵਿੱਤ ਮੰਤਰੀ ਕੈਪਟਨ ਅਭਿਮੰਨਿਊ ਐੱਸਵਾਈਐੱਲ ਮੁੱਦੇ 'ਤੇ ਪੰਜਾਬ ਦੇ ਖ਼ਿਲਾਫ਼ ਹਨ ਅਤੇ ਪੰਜਾਬ ਤੋਂ ਹਰਿਆਣਾ ਲਈ ਪਾਣੀ ਲੈਣ ਦੇ ਹੱਕ ਵਿੱਚ ਸਦਾ ਹੀ ਬੋਲਦੇ ਆਏ ਹਨ। ਹਾਲਾਂਕਿ, ਬੀਜੇਪੀ ਨੇ ਇਹ ਸਟੈਂਡ ਸਪੱਸ਼ਟ ਤਾਂ ਕਰ ਦਿੱਤਾ ਹੈ, ਪਰ ਪਾਰਟੀ ਇਸ ਨੂੰ ਅਮਲੀ ਜਾਮਾ ਕਿਵੇਂ ਪਹਿਨਾ ਸਕਦੀ ਹੈ? ਅਤੇ ਨਾਲ ਹੀ ਵੋਟਾਂ ਤੋਂ ਪਹਿਲਾਂ ਪੰਜਾਬ ਨਾਲ ਵਫਾਦਾਰ ਹੋਣ ਦਾ ਐਲਾਨ ਕਰ ਚੁੱਕੀ ਬੀਜੇਪੀ ਦੀ ਸੂਬਾਈ ਇਕਾਈ ਆਪਣੇ ਇਸ ਸਟੈਂਡ ਕਰਕੇ ਗੁਆਂਢੀ ਹਰਿਆਣਾ ਤੇ ਕੇਂਦਰੀ ਹਾਈਕਮਾਨ ਦੀ ਨਾਰਾਜ਼ਗੀ ਸਹੇੜੇਗੀ, ਇਹ ਵੱਡੇ ਸਵਾਲ ਹਨ।

ਮਲਿਕ ਨੇ ਸੂਬੇ ਦੀ ਕਾਂਗਰਸ ਸਰਕਾਰ 'ਤੇ ਕਿਸਾਨਾਂ ਦੇ ਕਰਜ਼ ਮੁਆਫੀ 'ਤੇ ਚੈਲੇਂਜ ਕਰਦੇ ਹੋਏ ਕਿਹਾ ਕਿ ਜੇਕਰ ਕਾਂਗਰਸ ਸਰਕਾਰ ਨੇ ਪੰਜਾਬ ਵਿੱਚ ਕਿਸਾਨਾਂ ਦੇ ਕਰਜ਼ ਮਾਫ਼ ਕੀਤੇ ਹਨ ਤਾਂ ਉਹ ਆਪਣਾ ਰਿਪੋਰਟ ਕਾਰਡ ਪੇਸ਼ ਕਰਨ ਤਾਂ ਕਿ ਜਨਤਾ ਨੂੰ ਸੱਚਾਈ ਦਾ ਪਤਾ ਲੱਗ ਸਕੇ। ਮਲਿਕ ਨੇ ਕਰਤਾਰਪੁਰ ਸਾਹਿਬ ਕੌਰੀਡੋਰ ਅਤੇ 1984 ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦਾ ਸਿਹਰਾ ਮੋਦੀ ਸਿਰ ਬੰਨ੍ਹਿਆ। ਉਨ੍ਹਾਂ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਵੱਲੋਂ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਬਦਲੇ ਰਾਹੁਲ ਗਾਂਧੀ ਤੋਂ ਕਾਰਵਾਈ ਦੀ ਮੰਗ ਵੀ ਕੀਤੀ।