ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਚਾਲੇ ਤਿਹਾੜ ਜੇਲ੍ਹ ਅੰਦਰ ਹੋਣ ਵਾਲੀ ਮੁਲਾਕਾਤ ਨੂੰ ਲੈਕੇ ਚੱਲ ਰਹੀ ਮੀਟਿੰਗ ਖ਼ਤਮ ਹੋ ਗਈ ਹੈ। ਪੰਜਾਬ ਪੁਲਿਸ ਦੇ ਏਡੀਜੀ ਏ. ਕੇ. ਪਾਂਡੇ ਨੇ ਸ਼ੁੱਕਰਵਾਰ ਨੂੰ ਤਿਹਾੜ ਜੇਲ੍ਹ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਜਾਣਕਾਰੀ ਅਨੁਸਾਰ ਏਡੀਜੀ ਪੰਜਾਬ ਸੁਰੱਖਿਆ ਸਮੀਖਿਆ ਮੀਟਿੰਗ ਤੋਂ ਬਾਅਦਤਿਹਾੜ ਤੋਂ ਰਵਾਨਾ ਹੋ ਗਏ ਹਨ। ਇਸ ਦੇ ਨਾਲ ਹੀ ਤਿਹਾੜ ਜੇਲ੍ਹ ਨੇ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਨੂੰ ਸੂਚਿਤ ਕੀਤਾ ਹੈ ਕਿ ਮੁੱਖ ਮੰਤਰੀ ਮਾਨ 15 ਅਪ੍ਰੈਲ ਨੂੰ ਕੇਜਰੀਵਾਲ ਨੂੰ ਮਿਲਣ ਆ ਸਕਦੇ ਹਨ।


ਮੀਟਿੰਗ ਤਿੰਨ ਘੰਟੇ ਚੱਲੀ
ਸ਼ੁੱਕਰਵਾਰ ਨੂੰ ਤਿਹਾੜ ਜੇਲ 'ਚ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਮੁਲਾਕਾਤ ਨੂੰ ਲੈ ਕੇ ਮੀਟਿੰਗ ਹੋਈ। ਦਰਅਸਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 15 ਅਪ੍ਰੈਲ ਨੂੰ ਕੇਜਰੀਵਾਲ ਨੂੰ ਮਿਲਣ ਤਿਹਾੜ ਜੇਲ੍ਹ ਆਉਣ ਵਾਲੇ ਹਨ। ਇਸ ਸਬੰਧ ਵਿੱਚ ਪੰਜਾਬ ਪੁਲਿਸ ਦੇ ਏਡੀਜੀ ਅਤੇ ਤਿਹਾੜ ਜੇਲ੍ਹ ਦੇ ਅਧਿਕਾਰੀਆਂ ਵਿਚਕਾਰ ਕਰੀਬ ਤਿੰਨ ਘੰਟੇ ਤੱਕ ਮੀਟਿੰਗ ਹੋਈ ਜਿਸ ਵਿੱਚ ਮੁੱਖ ਮੰਤਰੀ ਦੇ ਪ੍ਰੋਟੋਕੋਲ, ਉਨ੍ਹਾਂ ਦੀ ਸੁਰੱਖਿਆ ਅਤੇ ਜੇਲ੍ਹ ਮੈਨੂਅਲ ਬਾਰੇ ਚਰਚਾ ਕੀਤੀ ਗਈ।


ਭਗਵੰਤ ਮਾਨ 15 ਅਪ੍ਰੈਲ ਨੂੰ ਕੇਜਰੀਵਾਲ ਨੂੰ ਮਿਲਣ ਆਉਣਗੇ
ਜੇਲ੍ਹ ਪ੍ਰਸ਼ਾਸਨ ਨੇ ਭਗਵੰਤ ਮਾਨ ਅਤੇ ਕੇਜਰੀਵਾਲ ਦੀ ਮੁਲਾਕਾਤ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਆਈ.ਬੀ., ਦਿੱਲੀ ਪੁਲਿਸ ਸੁਰੱਖਿਆ ਯੂਨਿਟ ਅਤੇ ਪੰਜਾਬ ਪੁਲਿਸ ਨੇ ਤਿਹਾੜ ਜੇਲ੍ਹ ਵਿੱਚ ਸੁਰੱਖਿਆ ਸਮੀਖਿਆ ਕੀਤੀ। ਤਿਹਾੜ ਪ੍ਰਸ਼ਾਸਨ ਨੇ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਨੂੰ ਸੂਚਿਤ ਕੀਤਾ ਹੈ ਕਿ ਉਹ ਅਗਲੇ ਹਫ਼ਤੇ 15 ਅਪ੍ਰੈਲ ਨੂੰ ਮੁਲਾਕਾਤ ਲਈ ਜੇਲ੍ਹ ਆ ਸਕਦੇ ਹਨ।


ਕੇਜਰੀਵਾਲ ਨੂੰ ਸੁਪਰੀਮ ਕੋਰਟ ਤੋਂ ਉਮੀਦ ਹੈ
ਦਿੱਲੀ ਹਾਈ ਕੋਰਟ ਵੱਲੋਂ ਕੇਜਰੀਵਾਲ ਦੀ ਗ੍ਰਿਫਤਾਰੀ ਅਤੇ ਨਿਆਂਇਕ ਹਿਰਾਸਤ ਨੂੰ ਕਾਨੂੰਨੀ ਮੰਨਣ ਤੋਂ ਬਾਅਦ, ਉਨ੍ਹਾਂ ਨੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਹੈ। ਕੇਜਰੀਵਾਲ ਨੇ ਨਾ ਸਿਰਫ ਹਾਈਕੋਰਟ ਦੇ ਫੈਸਲੇ ਨੂੰ SC 'ਚ ਚੁਣੌਤੀ ਦਿੱਤੀ ਹੈ ਸਗੋਂ ਆਮ ਚੋਣਾਂ ਦੇ ਪ੍ਰਚਾਰ ਮੁਹਿੰਮ 'ਚ ਹਿੱਸਾ ਲੈਣ ਲਈ ਜਲਦੀ ਰਿਹਾਈ ਦੀ ਮੰਗ ਵੀ ਕੀਤੀ ਹੈ। ਸੁਪਰੀਮ ਕੋਰਟ ਇਸ ਮਾਮਲੇ ਦੀ ਸੁਣਵਾਈ 15 ਅਪ੍ਰੈਲ ਨੂੰ ਕਰੇਗਾ। ਹਾਲਾਂਕਿ ਬੈਂਚ ਬਾਰੇ ਸਥਿਤੀ ਸਪੱਸ਼ਟ ਨਹੀਂ ਹੈ।


ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ ਨੇ 21 ਮਾਰਚ ਨੂੰ ਸ਼ਰਾਬ ਘੁਟਾਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ। ਈਡੀ ਨੇ ਕੇਜਰੀਵਾਲ ਤੋਂ 10 ਦਿਨਾਂ ਤੱਕ ਪੁੱਛਗਿੱਛ ਕੀਤੀ। ਇਸ ਤੋਂ ਬਾਅਦ ਹੇਠਲੀ ਅਦਾਲਤ ਨੇ ਉਸ ਨੂੰ 15 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਤਿਹਾੜ ਜੇਲ੍ਹ ਭੇਜ ਦਿੱਤਾ।