ਖੇਤੀ ਕਾਨੂੰਨਾਂ ਵਿਰੁੱਧ ਲੜੇ ਜਾ ਰਹੇ ਸੰਘਰਸ਼ ਵਿੱਚ ਕਿਸਾਨਾਂ ਦੇ ਪੁੱਤਾਂ ਦੇ ਨਾਲ ਨਾਲ ਧੀਆਂ ਨੇ ਵੀ ਕੇਂਦਰ ਸਰਕਾਰ ਨੂੰ ਬੜਕ ਮਾਰੀ ਹੈ। ਆਪਣੇ ਪਿਤਾ ਪੁਰਖ਼ੀ ਕਿੱਤੇ ਨੂੰ ਕਾਰਪੋਰੇਟ ਹੱਥਾਂ ਵਿੱਚ ਜਾਣ ਤੋਂ ਬਚਾਉਣ ਲਈ ਪੰਜਾਬ ਦੀਆਂ ਧੀਆਂ ਸੰਘਰਸ਼ੀ ਪਿੜ ਵਿੱਚ ਲਗਾਤਾਰ ਸ਼ਾਮਲ ਹੋ ਰਹੀਆਂ ਹਨ। ਪਿੰਡਾਂ ਵਿੱਚੋਂ ਦਿੱਲੀ ਮੋਰਚੇ ਵਿੱਚ ਜਾ ਰਹੇ ਕਾਫ਼ਲਿਆਂ ਵਿੱਚ ਕੁੜੀਆਂ ਦੀ ਗਿਣਤੀ ਵਧਣ ਲੱਗੀ ਹੈ।
ਪਿੰਡ ਬਖ਼ਤਗੜ ਦੇ ਬਲਵੀਰ ਸਿੰਘ ਦੀਆਂ ਧੀਆਂ ਬਲਜਿੰਦਰ ਕੌਰ ਅਤੇ ਲਵਪ੍ਰੀਤ ਕੌਰ ਵੀ ਕਿਸਾਨੀ ਘੋਲ ਵਿੱਚ ਟਿੱਕਰੀ ਸਰਹੱਦ ’ਤੇ ਪੰਜ ਦਿਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਨਾਅਰੇ ਮਾਰ ਕੇ ਵਾਪਸ ਆਈਆਂ ਹਨ। ਪਿੰਡ ਬਖ਼ਤਗੜ ਦੇ ਕਿਸਾਨ ਜਗਸੀਰ ਸਿੰਘ ਨੇ ਆਪਣੀਆਂ ਦੋ ਧੀਆਂ ਅਮਨ ਦੁੱਗਲ ਅਤੇ ਰੌਬਿਨ ਦੁੱਗਲ ਨੂੰ ਪੁੱਤਾਂ ਵਾਂਗ ਪਾਲਿਆ ਹੈ।
ਦੋਵੇਂ ਧੀਆਂ ਪੰਜਾਬ ਵਿੱਚ ਲੱਗੇ ਕਿਸਾਨੀ ਮੋਰਚਿਆਂ ਵਿੱਚ ਸ਼ਾਮਲ ਹੁੰਦੀਆਂ ਆ ਰਹੀਆਂ ਹਨ। ਹੁਣ ਲਗਾਤਾਰ 5 ਦਿਨ ਆਪਣੀ ਭੂਆ ਅਮਨਦੀਪ ਕੌਰ ਨਾਲ ਟਿੱਕਰੀ ਬਾਰਡਰ ’ਤੇ ਸ਼ਾਮਲ ਹੋ ਕੇ ਪਰਤੀਆਂ ਹਨ। ਅਮਨ ਨੇ ਕਿਹਾ ਕਿ ਖੇਤੀ ਕਾਨੂੰਨ ਉਹਨਾਂ ਦੇ ਪਿਤਾ ਦੀ ਜ਼ਮੀਨ ਖੋਹਣ ਵਾਲੇ ਹਨ। ਆਪਣੇ ਬਾਪ ਦੀ ਜ਼ਮੀਨ ਨੂੰ ਬਚਾਉਣ ਲਈ ਉਹ ਆਪਣਾ ਫ਼ਰਜ਼ ਸਮਝ ਕੇ ਸੰਘਰਸ਼ ’ਚ ਸ਼ਾਮਲ ਹੋਈਆਂ ਹਨ। ਉਹ ਅੱਗੇ ਵੀ ਮੋਰਚੇ ਵਿੱਚ ਸ਼ਾਮਲ ਹੁੰਦੀਆਂ ਰਹਿਣਗੀਆਂ।
ਸਤਨਾਮ ਦੀਵਾਨਾ ਪੰਜਾਬ ਦੇ ਪਿੰਡਾਂ ਵਿੱਚ ਕਿਸਾਨਾਂ ਨੂੰ ਦਿੱਲੀ ਜਾਣ ਲਈ ਲਾਮਬੰਦ ਕਰ ਰਿਹਾ ਹੈ। ਜਦੋਂਕਿ ਉਸਦੀ ਪਤਨੀ ਹਰਜਿੰਦਰ ਕੌਰ ਆਪਣੀ ਧੀ ਹੁਸਨ ਕੌਰ ਨਾਲ ਦਿੱਲੀ ਬਾਰਡਰ ’ਤੇ ਕਈ ਦਿਨਾਂ ਤੋਂ ਖੇਤੀ ਕਾਨੂੰਨਾਂ ਵਿਰੁੱਧ ਰੋਸ ਜਤਾ ਰਹੀ ਹੈ।
ਪਿੰਡ ਕਰਮਗੜ ਦੀਆਂ ਸੱਤਵੀਂ ’ਚ ਪੜਦੀਆਂ ਸਹੇਲੀਆਂ ਗੁਰਵੀਰ ਕੌਰ ਅਤੇ ਸਵਨਪ੍ਰੀਤ ਕੌਰ 92 ਦਿਨਾਂ ਤੋਂ ਆਪਣੀਆਂ ਮਾਵਾਂ ਨਾਲ ਕਿਸਾਨੀ ਸੰਘਰਸ਼ ’ਚ ਸ਼ਾਮਲ ਹੁੰਦੀਆਂ ਆ ਰਹੀਆਂ ਹਨ। ਗੁਰਵੀਰ ਲਗਾਤਾਰ 10 ਦਿਨ ਦਿੱਲੀ ਦੀ ਹੱਦ ’ਤੇ ਸਟੇਜ਼ ਉਪਰ ਵੀ ਕਿਸਾਨੀ ਘੋਲ ਦੇ ਨਾਅਰੇ ਲਗਾ ਕੇ ਆਈ ਹੈ।
ਛੀਨੀਵਾਲ ਖ਼ੁਰਦ ਤੋਂ ਚਵਨਦੀਪ ਕੌਰ ਆਪਣੇ ਸਵਰਗੀ ਬਾਪ ਸੁਖਜੀਵਨ ਸਿੰਘ ਅਤੇ ਕੈਨੇਡਾ ਰਹਿੰਦੇ ਭਰਾ ਦੇ ਫ਼ਰਜ਼ ਖ਼ੁਦ ਅਦਾ ਕਰਕੇ ਘਰ ਪਰਤੀ ਹੈ। ਲਗਾਤਾਰ 10 ਦਿਨ ਦਿੱਲੀ ਦੇ ਟਿੱਕਰੀ ਅਤੇ ਸਿੰਘੂ ਬਾਰਡਰ ’ਤੇ ਧਰਨਿਆਂ ਵਿੱਚ ਸ਼ਮੂਲੀਅਤ ਕਰਨ ਦੇ ਨਾਲ ਸੰਘਰਸ਼ੀ ਕਿਸਾਨਾਂ ਲਈ ਲੰਗਰ ’ਚ ਸੇਵਾ ਕੀਤੀ। ਚਵਨਦੀਪ ਨੇ ਕਿਹਾ ਕਿ ਪੰਜਾਬ ਦੀ ਹਰ ਧੀ ਨੂੰ ਇਸ ਸੰਘਰਸ਼ ’ਚ ਸ਼ਾਮਲ ਹੋਣਾ ਚਾਹੀਦਾ ਹੈ। ਉਹ ਮੁੜ ਆਪਣੀਆਂ ਸਹੇਲੀਆਂ ਨਾਲ ਜਾਣ ਦੀ ਸੋਚ ਰਹੀ ਹੈ।
ਬੀਕੇਯੂ ਉਗਰਾਹਾਂ ਦੀ ਆਗੂ ਕਮਲਜੀਤ ਕੌਰ ਬਰਨਾਲਾ ਨੇ ਕਿਹਾ ਕਿ ਇਸ ਸੰਘਰਸ਼ ਨੇ ਕਿਸਾਨੀ ਜ਼ਿੰਦਗੀ ਨੂੰ ਨਵੀਂ ਦਿਸ਼ਾ ਦਿੱਤੀ ਹੈ। ਔਰਤਾਂ ਅਤੇ ਲੜਕੀਆਂ ਨੇ ਵਧ ਚੜ ਕੇ ਆਪਣੇ ਹੱਕਾਂ ਲਈ ਘਰਾਂ ਤੋਂ ਬਾਹਰ ਪੈਰ ਧਰਿਆ ਹੈ ਅਤੇ ਆਪਣੇ ਹੱਕਾਂ ਦੀ ਆਵਾਜ਼ ਉਠਾਈ ਹੈ, ਜੋ ਕਿਸਾਨੀ ਲਈ ਸ਼ੁੱਭ ਸੰਕੇਤ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ