Punjab News: ਕੈਨੇਡਾ 'ਚ ਭਾਰਤ ਦੇ ਮੋਸਟ ਵਾਂਟੇਡ ਖਾਲਿਸਤਾਨੀ ਹਰਦੀਪ ਨਿੱਝਰ ਦੇ ਕਤਲ ਤੋਂ ਬਾਅਦ ਖਾਲਿਸਤਾਨੀ ਸਮਰਥਕ ਭੜਕ ਗਏ ਹਨ। ਕੈਨੇਡਾ ਦੇ ਟੋਰਾਂਟੋ 'ਚ ਕਈ ਥਾਵਾਂ 'ਤੇ ਖਾਲਿਸਤਾਨੀ ਸਮਰਥਕਾਂ ਨੇ 'ਕਿਲ ਇੰਡੀਆ' ਨਾਂ ਦੇ ਪੋਸਟਰ ਚਿਪਕਾਉਣੇ ਸ਼ੁਰੂ ਕਰ ਦਿੱਤੇ ਹਨ। ਇਨ੍ਹਾਂ ਪੋਸਟਰ ਵਿੱਚ ਜਿੱਥੇ 8 ਜੁਲਾਈ ਨੂੰ ਹੋਣ ਵਾਲੀ ਆਜ਼ਾਦੀ ਰੈਲੀ ਦੀ ਜਾਣਕਾਰੀ ਦਿੱਤੀ ਗਈ ਹੈ, ਉੱਥੇ ਹੀ ਨਿੱਝਰ ਦੇ ਕਤਲ ਲਈ ਦੂਤਘਰ ਦੇ ਅਧਿਕਾਰੀਆਂ ਨੂੰ ਜ਼ਿੰਮੇਵਾਰ ਦੱਸਿਆ ਗਿਆ ਹੈ।



ਖਾਲਿਸਤਾਨੀ ਸਮਰਥਕਾਂ ਵੱਲੋਂ ਜਾਰੀ ਕੀਤੇ ਗਏ ਪੋਸਟਰ ਵਿੱਚ ਓਟਾਵਾ, ਕੈਨੇਡਾ ਵਿੱਚ ਭਾਰਤੀ ਦੂਤਾਵਾਸ ਦੇ ਹਾਈ ਕਮਿਸ਼ਨਰ ਸੰਜੀਵ ਕੁਮਾਰ ਵਰਮਾ ਤੇ ਟੋਰਾਂਟੋ ਵਿੱਚ ਕੌਂਸਲੇਟ ਜਨਰਲ ਅਪੂਰਵਾ ਸ੍ਰੀਵਾਸਤਵ ਦੀਆਂ ਤਸਵੀਰਾਂ ਵੀ ਹਨ। ਇਨ੍ਹਾਂ ਤਸਵੀਰਾਂ ਦੇ ਨਾਲ ਪੋਸਟਰ 'ਤੇ ਲਿਖਿਆ ਹੈ, 'ਕਿਲਰਜ਼ ਇਨ ਟੋਰਾਂਟੋ'। 



ਉਧਰ, ਖਾਲਿਸਤਾਨੀਆਂ ਵੱਲੋਂ ਇਹ ਪੋਸਟਰ ਸੋਸ਼ਲ ਮੀਡੀਆ 'ਤੇ ਵਾਇਰਲ ਕਰਨ ਦੇ ਨਾਲ-ਨਾਲ ਟੋਰਾਂਟੋ ਵਿੱਚ ਚਿਪਕਾਉਣ ਦਾ ਕੈਨੇਡਾ ਸਰਕਾਰ ਨੇ ਵੀ ਨੋਟਿਸ ਲਿਆ ਹੈ। ਕੈਨੇਡਾ ਦੇ ਵਿਦੇਸ਼ ਮੰਤਰੀ ਮਿਲੋਨੀ ਜੌਲੀ ਨੇ ਕਿਹਾ ਕਿ ਕੈਨੇਡਾ ਸਰਕਾਰ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਬਹੁਤ ਗੰਭੀਰ ਹੈ। ਭਾਰਤ ਸਰਕਾਰ ਨੇ ਵੀ ਇਹ ਮੁੱਦਾ ਕੈਨੇਡਾ ਕੋਲ ਉਠਾਇਆ ਹੈ।




ਮੰਤਰੀ ਨੇ ਕਿਹਾ ਹੈ ਕਿ ਖਾਲਿਸਤਾਨੀ ਸਮਰਥਕਾਂ ਵੱਲੋਂ 8 ਜੁਲਾਈ ਨੂੰ ਰੋਸ ਪ੍ਰਦਰਸ਼ਨ ਕਰਨ ਦੀ ਯੋਜਨਾ ਬਾਰੇ ਸੋਸ਼ਲ ਮੀਡੀਆ ਰਾਹੀਂ ਜੋ ਸੰਦੇਸ਼ ਫੈਲਾਇਆ ਜਾ ਰਿਹਾ ਹੈ, ਉਹ ਬਰਦਾਸ਼ਤਯੋਗ ਨਹੀਂ। ਕੈਨੇਡਾ ਦੇ ਵਿਦੇਸ਼ ਮੰਤਰੀ ਦੇ ਇਸ ਬਿਆਨ ਨੂੰ ਭਾਰਤ ਵਿੱਚ ਕੈਨੇਡਾ ਦੇ ਹਾਈ ਕਮਿਸ਼ਨਰ ਕੈਮਰਨ ਮੈਕੇ ਨੇ ਵੀ ਆਪਣੇ ਟਵਿੱਟਰ ਹੈਂਡਲ 'ਤੇ ਸਾਂਝਾ ਕੀਤਾ ਹੈ।



ਅਮਰੀਕਾ 'ਚ ਭਾਰਤੀ ਦੂਤਾਵਾਸ ਨੂੰ ਅੱਗ ਲਾਉਣ ਦੀ ਕੋਸ਼ਿਸ਼ 
ਖਾਲਿਸਤਾਨੀ ਸਮਰਥਕਾਂ ਨੇ ਅਮਰੀਕਾ ਦੇ ਸੈਨ ਫਰਾਂਸਿਸਕੋ ਵਿੱਚ ਭਾਰਤੀ ਦੂਤਾਵਾਸ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਹੈ। ਸਿੱਖ ਫਾਰ ਜਸਟਿਸ (SFJ) ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ 30 ਜੂਨ ਨੂੰ ਕਿਹਾ ਸੀ ਕਿ 8 ਜੁਲਾਈ ਤੋਂ ਭਾਰਤੀ ਦੂਤਾਵਾਸਾਂ ਦਾ ਘਿਰਾਓ ਕੀਤਾ ਜਾਵੇਗਾ। ਇਹ ਘਟਨਾ ਇਸ ਐਲਾਨ ਦੇ ਅਗਲੇ ਹੀ ਦਿਨ ਭਾਵ ਪਹਿਲੀ ਜੁਲਾਈ ਦੀ ਰਾਤ ਨੂੰ ਅੰਜਾਮ ਦਿੱਤੀ ਗਈ।


ਸੂਤਰਾਂ ਮੁਤਾਬਕ ਇਹ ਘਟਨਾ ਸ਼ਨੀਵਾਰ ਨੂੰ ਵਾਪਰੀ, ਪਰ ਅਮਰੀਕੀ ਸਰਕਾਰ ਦੇ ਬੁਲਾਰੇ ਮੈਥਿਊ ਮਿਲਰ ਨੇ ਮੰਗਲਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਫਿਲਹਾਲ ਮਾਮਲੇ ਦੀ ਜਾਂਚ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (ਐਫਬੀਆਈ) ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ। ਇਸ ਘਟਨਾ ਵਿੱਚ ਦੂਤਾਵਾਸ ਨੂੰ ਜ਼ਿਆਦਾ ਨੁਕਸਾਨ ਨਹੀਂ ਹੋਇਆ। ਦੱਸ ਦਈਏ ਕਿ ਪੰਜ ਮਹੀਨਿਆਂ ਵਿੱਚ ਇਹ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ ਖਾਲਿਸਤਾਨ ਸਮਰਥਕਾਂ ਨੇ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਮਾਰਚ ਵਿੱਚ ਇਸ ਦੂਤਘਰ ਦਾ ਘਿਰਾਓ ਕੀਤਾ ਸੀ।