ਫ਼ਤਿਹਾਬਾਦ: ਸ਼ਹਿਰ ਦੇ ਪ੍ਰਾਈਵੇਟ ਸਕੂਲ ਦੀ ਅਧਿਆਪਕਾ ਉੱਪਰ ਪੁਲਿਸ ਨੇ 10ਵੀਂ ਦੇ ਵਿਦਿਆਰਥੀ ਨੂੰ ਅਗ਼ਵਾ ਕਰਨ ਦਾ ਕੇਸ ਦਰਜ ਕੀਤਾ ਹੈ। 15 ਸਾਲਾ ਵਿਦਿਆਰਥੀ ਦੇ ਮਾਪਿਆਂ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਕਿ ਉਨ੍ਹਾਂ ਦਾ ਪੁੱਤਰ ਪਿਛਲੇ ਤਿੰਨ ਦਿਨਾਂ ਤੋਂ ਗ਼ਾਇਬ ਹੈ। ਉਸ ਦੀ ਪੰਜਾਬੀ ਅਧਿਆਪਕਾ ਵੀ ਉਸੇ ਦਿਨ ਤੋਂ ਗ਼ਾਇਬ ਹੈ।


ਫ਼ਤਿਹਾਬਾਦ ਦੇ ਬੱਚੇ ਦੇ ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ 20 ਜੁਲਾਈ ਨੂੰ ਸਕੂਲੋਂ ਘਰ ਲਈ ਨਿਕਲਿਆ ਪਰ ਘਰ ਨਹੀਂ ਪਹੁੰਚਿਆ। ਜਦ ਉਹ ਸਕੂਲ ਵਿੱਚ ਪਤਾ ਕਰਨ ਪੁੱਜੇ ਤਾਂ ਪਤਾ ਲੱਗਾ ਕਿ ਪੰਜਾਬੀ ਪੜ੍ਹਾਉਣ ਵਾਲੀ ਅਧਿਆਪਕਾ ਵੀ ਗ਼ਾਇਬ ਹੈ। ਇਸ ਤੋਂ ਬਾਅਦ ਅਧਿਆਪਕਾ ਦੇ ਪਰਿਵਾਰਕ ਮੈਂਬਰ ਵੀ ਸਕੂਲ ਪੁੱਜੇ ਤਾਂ ਖੁਲਾਸਾ ਹੋਇਆ ਕਿ ਉਹ ਉਨ੍ਹਾਂ ਦੇ ਪੁੱਤਰ ਨੂੰ ਕਿਧਰੇ ਲੈ ਗਈ ਹੈ।

ਥਾਣਾ ਸਿਟੀ ਦੇ ਪੁਲਿਸ ਮੁਖੀ ਜਗਦੀਸ਼ ਚੰਦਰ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਗ਼ਾਇਬ ਹੋਣ ਵਾਲੇ ਦਿਨ ਉਕਤ ਅਧਿਆਪਕਾ ਨੇ ਵਿਦਿਆਰਥੀ ਨੂੰ ਫ਼ੋਨ ਕੀਤਾ ਹੈ ਤੇ ਬਾਅਦ ਵਿੱਚ ਉਸ ਦਾ ਫ਼ੋਨ ਉਸ ਦੇ ਘਰੋਂ ਹੀ ਮਿਲਿਆ।

ਸਕੂਲ ਤੋਂ ਪਤਾ ਲੱਗਾ ਕਿ ਅਧਿਆਪਕਾ ਬਿਮਾਰ ਹੋਣ ਬਾਰੇ ਦੱਸ ਕੇ ਚਲੀ ਗਈ ਸੀ। ਪੁਲਿਸ ਨੇ ਇਨ੍ਹਾਂ ਤੱਥਾਂ ਦੇ ਆਧਾਰ 'ਤੇ ਅਧਿਆਪਕਾ ਵਿਰੁੱਧ ਬੱਚੇ ਨੂੰ ਅਗ਼ਵਾ ਕਰਨ ਕੇਸ ਦਰਜ ਕਰ ਕੇ ਦੋਵਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।