ਚੰਡੀਗੜ੍ਹ: 'ਆਪ' ਦੇ ਕੌਮੀ ਬੁਲਾਰੇ ਅਤੇ ਵਿਧਾਇਕ ਰਾਘਵ ਚੱਢਾ ਨੇ ਕਿਹਾ ਕਿਸਾਨਾਂ ’ਤੇ ਬੀਜੇਪੀ ਲੀਡਰਾਂ ਵੱਲੋਂ ਲਾਏ ਜਾ ਰਹੇ ਦੋਸ਼ਾਂ, ਅਸ਼ਲੀਲ ਭਾਸ਼ਾ ਦੀ ਵਰਤੋਂ ਅਤੇ ਪੂਰੇ ਅੰਦੋਲਨ ਨੂੰ ਕਲੰਕਿਤ ਕਰਨ ਦੀ ਕੋਸ਼ਿਸ਼ ਖਿਲਾਫ ਕਿਸਾਨ ਅਦਾਲਤ ’ਚ ਜਾਣਾ ਚਾਹੁੰਦੇ ਹਨ। ਆਮ ਆਦਮੀ ਪਾਰਟੀ ਉਨ੍ਹਾਂ ਦੀ ਇਸ ਕਾਨੂੰਨੀ ਲੜਾਈ ’ਚ ਹਰ ਕਦਮ ’ਤੇ ਮਦਦ ਕਰੇਗੀ।


ਰਾਘਵ ਚੱਢਾ ਨੇ ਕਿਹਾ ਕਿ, ‘ਇਨ੍ਹਾਂ ਤਿੰਨ ਕਾਲੇ ਕਾਨੂੰਨਾਂ ਕਾਰਨ ਕਿਸਾਨ ਪ੍ਰੇਸ਼ਾਨ ਹਨ, ਦੁੱਖ ’ਚ ਹਨ। ਮੋਦੀ ਸਰਕਾਰ ਨੇ ਕਿਸਾਨਾਂ ਦੀ ਖੇਤੀ, ਉਨ੍ਹਾਂ ਦੇ ਪੂਰੇ ਕਮਾਈ ਦੇ ਸਾਧਨ ਨੂੰ ਬਰਬਾਦ ਕਰਨ ਦਾ ਮਸੌਦਾ ਪੂਰੇ ਦੇਸ਼ ’ਚ ਲਾਗੂ ਕਰ ਦਿੱਤਾ ਹੈ। ਜਿਸਦੇ ਚਲਦਿਆਂ ਦੇਸ਼ ਦੇ ਕਿਸਾਨਾਂ ਨੇ ਦਿੱਲੀ ਆ ਕੇ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ। ਹੁਣ ਜਦੋਂ ਦੇਸ਼ ਦਾ ਕਿਸਾਨ ਆਪਣੀ ਗੱਲ ਰੱਖਣ ਲਈ ਦਿੱਲੀ ਵੱਲ ਵਧਿਆ ਤਾਂ ਉਸਦੇ ਨਾਲ ਦੁਸ਼ਮਣ ਦੀ ਤਰ੍ਹਾਂ ਵਿਵਹਾਰ ਕੀਤਾ ਗਿਆ, ਕਿਸਾਨਾਂ ’ਤੇ ਅੱਥਰੂ ਗੈਸ ਦੇ ਗੋਲੇ ਛੱਡੇ ਗਏ, ਪਾਣੀ ਦੀਆਂ ਬੁਛਾੜਾ ਮਾਰੀਆਂ ਗਈਆਂ, ਲਾਠੀ-ਡੰਡੇ ਚਲਾਏ, ਸੜਕਾਂ ਪੁੱਟ ਦਿੱਤੀਆਂ ਗਈਆਂ ਇਸ ਤੋਂ ਬਾਅਦ ਵੀ ਸਾਡੇ ਦੇਸ਼ ਦੇ ਬਹਾਦਰ ਕਿਸਾਨ ਦਿੱਲੀ ਦੀਆਂ ਸਰਹੱਦਾਂ ਉੱਤੇ ਆਏ।'


ਉਨ੍ਹਾਂ ਕਿਹਾ 'ਕਿਸਾਨਾਂ ਨੇ ਸ਼ਾਂਤੀਪੂਰਵਕ ਤਰੀਕੇ ਨਾਲ ਅੰਦੋਲਨ ਸ਼ੁਰੂ ਕੀਤਾ ਤਾਂ ਬੀਜੇਪੀ ਦੇ ਲੀਡਰਾਂ ਨੇ ਕਿਸਾਨਾਂ ਨੂੰ ਅਪਮਾਨਤ ਕਰਨਾ ਸ਼ੁਰੂ ਕਰ ਦਿੱਤਾ, ਉਨ੍ਹਾਂ ਲਈ ਭੱਦੀ ਭਾਸ਼ਾ ਵਰਤੋਂ ਕਰਨ ਲਗੇ। ਬੀਜੇਪੀ ਲੀਡਰ ਕਿਸਾਨਾਂ ਉੱਤੇ ਦੋਸ਼ ਲਗਾ ਰਹੇ ਹਨ ਕਿ ਉਨ੍ਹਾਂ ਨੂੰ ਕੈਨੇਡਾ, ਪਾਕਿਸਤਾਨ ਤੋਂ ਫਡਿੰਗ ਹੋ ਰਹੀ ਹੈ, ਕਿਸਾਨ ਖਾਲਿਸਤਾਨੀ ਹਨ, ਕਿਸਾਨ ਅੱਤਵਾਦੀ ਹਨ, ਦੇਸ਼ ਦੇ ਕਿਸਾਨ ਗੁੰਡੇ ਹਨ। ਇਥੋਂ ਤੱਕ ਕਿ ਕੱਲ੍ਹ ਬੀਜੇਪੀ ਦੇ ਸੰਸਦ ਮੈਂਬਰ ਰਮੇਸ਼ ਬਿਧੂੜੀ ਨੇ ਦੇਸ਼ ਦੇ ਕਿਸਾਨ ਨੂੰ ਦਲਾਲ ਕਰਾਰ ਦਿੱਤਾ ਹੈ। ਇਸ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਪੂਰੀ ਬੀਜੇਪੀ ਪਾਰਟੀ ਯੋਜਨਾਬੱਧ ਤਰੀਕੇ ਨਾਲ ਕਿਸਾਨਾਂ ਨੂੰ ਅਪਮਾਨਤ ਕਰਨਾ ਚਾਹੁੰਦੀ ਹੈ, ਕਲੰਕਿਤ ਕਰਨਾ ਚਾਹੁੰਦੀ ਹੈ।’’


ਰਾਘਵ ਚੱਢਾ ਨੇ ਅੱਗੇ ਕਿਹਾ ਕਿ, ‘ਬਹੁਤ ਸਾਰੇ ਕਿਸਾਨਾਂ ਨੇ ਬੀਜੇਪੀ ਦੇ ਇਨ੍ਹਾਂ ਲੀਡਰਾਂ ਦੇ ਬਿਆਨ ਸੁਣੇ ਜਿਸ ਨਾਲ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਦੁੱਖ ਪੁੱਜਿਆ ਅਤੇ ਹੁਣ ਕਿਸਾਨ ਇਨਸਾਫ ਚਾਹੁੰਦੇ ਹਨ, ਹੁਣ ਉਹ ਇਸ ਲੜਾਈ ਨੂੰ ਸੜਕਾਂ ਤੋਂ ਅਦਾਲਤ ਤੱਕ ਲੈ ਕੇ ਜਾਣਾ ਚਾਹੁੰਦੇ ਹਨ। ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਤੋਂ ਕਿਸਾਨਾਂ ਨੇ ਸਾਡੇ ਨਾਲ ਸੰਪਰਕ ਕੀਤਾ ਅਤੇ ਦੱਸਿਆ ਕਿ ਉਹ ਇਨ੍ਹਾਂ ਅਪਮਾਨਾਂ ਲਈ ਅਦਾਲਤ ਦਾ ਦਰਵਾਜ਼ਾ ਖੜਕਾਉਣਾ ਚਾਹੁੰਦੇ ਹਨ।’


ਰਾਘਵ ਚੱਢਾ ਨੇ ਕਿਹਾ ਕਿ, ‘ਦੇਸ਼ ਦੇ ਕਿਸਾਨਾਂ ਦੀ ਇਸ ਲੜਾਈ ’ਚ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਕਿਸਾਨਾਂ ਦਾ ਸਹਿਯੋਗ ਕਰੇਗੀ, ਆਮ ਆਦਮੀ ਪਾਰਟੀ ਦੇਸ਼ ਦੇ ਕਿਸਾਨਾਂ ਨੂੰ ਇਨਸਾਫ ਦਿਵਾਉਣ ਲਈ ਕਿਸਾਨਾਂ ਨੂੰ ਮੁਕੱਦਮੇ ਕਰਨ ਤੋਂ ਲੈ ਕੇ, ਕੇਸ ਨੂੰ ਅੰਜ਼ਾਮ ਤੱਕ ਪਹੁੰਚਾਉਣ ’ਚ ਪੂਰੀ ਤਰ੍ਹਾਂ ਨਾਲ ਮਦਦ ਕਰੇਗੀ।’


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ