ਨਵੀਂ ਦਿੱਲੀ: ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਲੋਕ ਸਭਾ ਚੋਣਾਂ ਵਿੱਚ ਪਾਰਟੀ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਮਗਰੋਂ ਅਸਤੀਫੇ ਦੀ ਪੇਸ਼ਕਸ਼ ਕੀਤੀ ਹੈ। ਸੂਤਰਾਂ ਮੁਤਾਬਕ ਰਾਹੁਲ ਨੇ ਇਹ ਪੇਸ਼ਕਸ਼ ਸੋਨੀਆ ਗਾਂਧੀ ਸਾਹਮਣੇ ਕੀਤੀ ਹੈ। ਹਾਲਾਂਕਿ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਹੁਲ ਗਾਂਧੀ ਦੀ ਲੀਡਰਸ਼ਿਪ 'ਤੇ ਤਸੱਲੀ ਪ੍ਰਗਟਾਈ, ਪਰ ਸੂਤਰਾਂ ਮੁਤਾਬਕ ਰਾਹੁਲ ਨੇ ਪਾਰਟੀ ਨੂੰ ਖ਼ੁਦ ਇਹ ਪੇਸ਼ਕਸ਼ ਕੀਤੀ ਹੈ।


2019 ਦੀਆਂ ਆਮ ਚੋਣਾਂ ਦੇ ਨਤੀਜੇ ਫੈਸਲਾਕੁੰਨ ਪੜਾਅ 'ਤੇ ਪਹੁੰਚ ਚੁੱਕੇ ਹਨ, ਜਿਸ ਵਿੱਚ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ ਐਨਡੀਏ ਗਠਜੋੜ ਦੇ ਹਿੱਸੇ ਲੋਕ ਸਭਾ ਦੀਆਂ 542 ਸੀਟਾਂ ਵਿੱਚੋਂ 346 ਸੀਟਾਂ ਆਉਂਦੀਆਂ ਦਿਖਾਈ ਦੇ ਰਹੀਆਂ ਹਨ ਅਤੇ ਕਾਂਗਰਸ ਦੀ ਅਗਵਾਈ ਵਾਲੇ ਯੂਪੀਏ ਦੀ ਝੋਲੀ 86 ਸੀਟਾਂ ਪਈਆਂ ਹਨ ਅਤੇ ਹੋਰ ਦਲ 110 ਸੀਟਾਂ 'ਤੇ ਕਾਬਜ਼ ਹੁੰਦੇ ਜਾਪਦੇ ਹਨ। ਹਾਲਾਂਕਿ, ਪਿਛਲੀਆਂ ਲੋਕ ਸਭਾ ਚੋਣਾਂ ਦੇ ਮੁਕਾਬਲੇ ਕਾਂਗਰਸ ਦੀ ਹਾਲਤ ਵਿੱਚ ਕੁਝ ਸੁਧਾਰ ਆਇਆ ਹੈ, ਪਰ ਪ੍ਰਧਾਨਗੀ ਬਦਲਣ ਦੇ ਬਾਅਦ ਇਹ ਸੁਧਾਰ ਨਾਕਾਫੀ ਦਿਖਾਈ ਦੇ ਰਿਹਾ ਹੈ।

ਰਾਹੁਲ ਗਾਂਧੀ ਨੇ ਵੀਰਵਾਰ ਨੂੰ ਪ੍ਰੈਸ ਕਾਨਫਰੰਸ ਕਰ ਆਪਣੀ ਹਾਰ ਕਬੂਲੀ ਸੀ ਅਤੇ ਵਰਕਰਾਂ ਨੂੰ ਨਿਰਾਸ਼ ਨਾ ਹੋਣ ਲਈ ਹੱਲਾਸ਼ੇਰੀ ਵੀ ਦਿੱਤੀ। ਗਾਂਧੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਨਰੇਂਦਰ ਮੋਦੀ ਨਾਲ ਲੜਾਈ ਵਿਚਾਰਧਾਰਾ ਦੀ ਜੰਗ ਹੈ, ਜੋ ਜਾਰੀ ਰਹੇਗੀ।


ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਵੀ ਜਿੱਤ ਦੀ ਵਧਾਈ ਦਿੱਤੀ ਅਤੇ ਗਾਂਧੀ ਪਰਿਵਾਰ ਦੀ ਜੱਦੀ ਸੀਟ ਮੰਨੀ ਜਾਂਦੀ ਅਮੇਠੀ ਤੋਂ ਆਪਣੀ ਹਾਰ ਦੀ ਜ਼ਿੰਮੇਵਾਰੀ ਲਈ। ਉਨ੍ਹਾਂ ਭਾਜਪਾ ਦੀ ਸਮ੍ਰਿਤੀ ਇਰਾਨੀ ਨੂੰ ਅਮੇਠੀ ਤੋਂ ਜਿੱਤ ਵੱਲ ਵਧਣ ਦੀ ਵਧਾਈ ਦਿੱਤੀ।