ਨਵੀਂ ਦਿੱਲੀ: ਕਾਂਗਰਸ ਵਰਕਿੰਗ ਕਮੇਟੀ ਦੀ ਵੀਡੀਓ ਬੈਠਕ 'ਚ ਅੱਜ ਵੱਡਾ ਫੈਸਲਾ ਹੋ ਹੀ ਗਿਆ। 2019 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਰਾਹੁਲ ਗਾਂਧੀ ਨੇ ਪ੍ਰਧਾਨ ਦਾ ਅਹੁਦਾ ਛੱਡ ਦਿੱਤਾ ਸੀ। ਉਦੋਂ ਤੋਂ ਕਿਆਸਰਾਈਆਂ ਲਾਈਆਂ ਜਾ ਰਹੀਆਂ ਸਨ ਕਿ ਕਾਂਗਰਸ ਨੂੰ ਨਵਾਂ ਪ੍ਰਧਾਨ ਕਦੋਂ ਮਿਲੇਗਾ। ਕਦੋਂ ਨਵੇਂ ਪ੍ਰਧਾਨ ਦੇ ਰੂਪ 'ਚ ਰਾਹੁਲ ਗਾਂਧੀ ਦੀ ਫਿਰ ਤੋਂ ਤਾਜਪੋਸ਼ੀ ਹੋਵੇਗੀ। ਕੀ ਪ੍ਰਿਯੰਕਾ ਗਾਂਧੀ ਨੂੰ ਇਹ ਜ਼ਿੰਮੇਵਾਰੀ ਦਿੱਤੀ ਜਾਵੇਗੀ। ਕੀ ਗਾਂਧੀ ਨਹਿਰੂ ਪਰਿਵਾਰ ਤੋਂ ਬਾਹਰ ਦਾ ਕੋਈ ਨਵਾਂ ਲੀਡਰ ਪ੍ਰਧਾਨ ਹੋਵੇਗਾ।
ਅੱਜ ਦੀ ਬੈਠਕ 'ਚ ਇਨ੍ਹਾਂ ਸਵਾਲਾਂ ਦੇ ਜਵਾਬ ਤਾਂ ਨਹੀਂ ਮਿਲ ਸਕੇ ਪਰ ਇੱਕ ਸਵਾਲ ਦਾ ਜਵਾਬ ਜ਼ਰੂਰ ਮਿਲ ਗਿਆ ਕਿ ਮਈ 'ਚ ਕਾਂਗਰਸ ਨੂੰ ਨਵਾਂ ਪ੍ਰਧਾਨ ਮਿਲੇਗਾ। ਇਸ ਲਈ ਨਵੀਂ ਚੋਣ ਹੋਣੀ ਵੀ ਤੈਅ ਹੈ। ਚੋਣਾਂ ਤੋਂ ਪਹਿਲਾਂ ਵੀ ਹੁੰਦਾ ਰਿਹਾ ਹੈ। ਸਾਰੀ ਪ੍ਰਕਿਰਿਆ ਅਪਣਾਈ ਜਾਵੇਗੀ। ਵੱਡਾ ਸਵਾਲ ਇਹ ਉੱਠਦਾ ਹੈ ਕਿ ਕੀ ਕੋਈ ਕਾਂਗਰਸ ਲੀਡਰ ਪ੍ਰਧਾਨ ਦੇ ਅਹੁਦੇ ਲਈ ਪਰਚਾ ਦਾਖਲ ਕਰੇਗਾ।
ਸੋਨੀਆ ਗਾਂਧੀ ਨੂੰ ਵੀ ਇਕ ਵਾਰ ਰਾਜੇਸ਼ ਪਾਇਲਟ ਤੇ ਜਤੇਂਦਰ ਪ੍ਰਸਾਦ ਨੇ ਚੁਣੌਤੀ ਦਿੱਤੀ ਸੀ ਤੇ ਚੋਣ ਮੈਦਾਨ 'ਚ ਉੱਤਰੇ ਸਨ। ਇਸ ਵਾਰ ਕੀ ਜੀ-23 ਦੇ ਮੈਂਬਰ ਸਾਹਮਣੇ ਆਉਣਗੇ। ਜੀ-23 ਯਾਨੀ ਕਾਂਗਰਸ ਦੇ ਉਹ 23 ਲੀਡਰ ਜਿੰਨ੍ਹਾਂ ਨੇ ਖਤ ਲਿਖ ਕੇ ਪ੍ਰਧਾਨ ਅਹੁਦੇ ਲਈ ਚੋਣ ਕਰਾਉਣ ਦੀ ਮੰਗ ਰੱਖੀ ਸੀ। ਜਿਨ੍ਹਾਂ ਨੇ ਕਾਂਗਰਸ ਦੇ ਪਤਨ 'ਤੇ ਕੁਝ ਸਵਾਲ ਚੁੱਕੇ ਸਨ। ਜਿਨ੍ਹਾਂ ਨੇ ਕੰਮਕਾਜ ਦੇ ਤਰੀਕੇ ਤੇ ਮੋਦੀ ਦਾ ਮੁਕਾਬਲਾ ਕਰਨ 'ਤੇ ਕਾਂਗਰਸ ਦੀ ਰਣਨੀਤੀ 'ਚ ਬਦਲਾਅ ਕਰਨ ਦੀ ਗੱਲ ਕਹੀ ਸੀ। ਵੈਸੇ ਇਕ ਸੱਚਾਈ ਇਹ ਵੀ ਹੈ ਕਿ ਇਹ ਖਤ ਲਿਖੇ ਹੋਇਆਂ ਵੀ ਮਹੀਨੇ ਹੋ ਗਏ ਹਨ।
ਜੀ-23 ਲੀਡਰਾਂ ਨੂੰ ਰੱਖਿਆ ਗਿਆ ਦੂਰ
ਹਾਲ ਹੀ ਦੇ ਮਹੀਨਿਆਂ 'ਚ ਕਾਂਗਰਸ 'ਚ ਕੁਝ ਨਿਯੁਕਤੀਆਂ ਹੋਈਆਂ ਪਰ ਉਨ੍ਹਾਂ ਚੋਂ ਕੁਝ 'ਚ ਜੀ-23 ਲੀਡਰਾਂ ਜਾਂ ਉਨ੍ਹਾਂ ਦੇ ਸਮਰਥਕਾਂ ਨੂੰ ਦੂਰ ਰੱਖਿਆ ਗਿਆ। ਇਸ ਦਰਮਿਆਨ ਦੋ ਤਿੰਨ ਵਾਰ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਹੋਈ ਜਿਸ 'ਚ ਰਾਹੁਲ ਗਾਂਧੀ ਨੂੰ ਫਿਰ ਤੋਂ ਪ੍ਰਧਾਨ ਦਾ ਅਹੁਦਾ ਸੰਭਾਲਣ ਦੀ ਗੁਹਾਰ ਸਾਰੇ ਲੀਡਰਾਂ ਨੇ ਲਾਈ ਸੀ।
ਲੀਡਰਾਂ ਨੇ ਖੁੱਲ੍ਹ ਕੇ ਕਿਹਾ ਕਿ ਗਾਂਧੀ ਨਹਿਰੂ ਪਰਿਵਾਰ ਹੀ ਕਾਂਗਰਸ ਦਾ ਰੱਖਿਅਕ ਰਿਹਾ ਹੈ ਤੇ ਅੱਗੇ ਵੀ ਰਹੇਗਾ। ਇਹ ਵੀ ਕਿਹਾ ਗਿਆ ਕਿ ਗਾਂਧੀ ਨਹਿਰੂ ਪਰਿਵਾਰ 'ਤੇ ਉਨ੍ਹਾਂ ਦਾ ਪੂਰਾ ਭਰੋਸਾ ਹੈ। ਅਜਿਹਾ ਹੀ ਭਰੋਸਾ ਰਾਹੁਲ ਗਾਂਧੀ 'ਚ ਵੀ ਵਿਅਕਤ ਕੀਤਾ ਗਿਆ। ਸਾਰੀਆਂ ਬੈਠਕਾਂ 'ਚ ਰਾਹੁਲ ਮੌਜੂਦ ਰਹੇ ਤੇ ਪ੍ਰਧਾਨ ਬਣਨ ਦੇ ਸਵਾਲ ਨੂੰ ਵੀ ਟਾਲਦੇ ਰਹੇ। ਹੁਣ ਸਵਾਲ ਇਹ ਹੈ ਕਿ ਹੁਣ ਮਈ ਮਹੀਨੇ ਜਦੋਂ ਨਵੇਂ ਪ੍ਰਧਾਨ ਲਈ ਚੋਣ ਹੋਵੇਗਾ ਤਾਂ ਕੀ ਰਾਹੁਲ ਗਾਂਧੀ ਪਰਚਾ ਦਾਖਲ ਕਰਨਗੇ?
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ