ਬਾਦਲ ਨੇ ਕਿਹਾ, "ਕਾਂਗਰਸ ਦੇ ਮੈਨੀਫੈਸਟੋ 'ਚ ਲਿਖਿਆ ਗਿਆ ਹੈ ਕਿ ਮੰਡੀਆਂ ਪ੍ਰਾਈਵੇਟ ਹੋਣਗੀਆਂ। ਪਾਰਲੀਮੈਂਟ ਸੈਸ਼ਨ 'ਚ ਕਿਉਂ ਨਹੀਂ ਗਏ ਰਾਹੁਲ ਗਾਂਧੀ ? ਵੋਟ ਪਾਉਣ ਸਮੇਂ ਕਾਂਗਰਸ ਨੇ ਕਿਉਂ ਕੀਤਾ ਵੌਕਆਊਟ ? ਕਾਂਗਰਸ ਦਿਲੋਂ ਚਾਹੁੰਦੀ ਸੀ ਕਿ ਇਹ ਬਿੱਲ ਪਾਸ ਹੋਣ।"
ਇਥੇ ਪਾਰਟੀ ਦੇ ਮੁੱਖ ਦਫਤਰ ਵਿਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੱਲ ਪੰਜਾਬ ਵਿਚ ਤਸਵੀਰਾਂ ਖਿਚਵਾਉਣ ਦੀ ਮੌਕਾਪ੍ਰਸਤੀ ਨਾਲੋਂ, ਰਾਹੁਲ ਗਾਂਧੀ ਨੂੰ ਪੰਜਾਬੀਆਂ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਉਹਨਾਂ ਨੇ ਪੰਜਾਬੀਆਂ ਨਾਲ ਗੱਦਾਰੀ ਕਿਉਂ ਕੀਤੀ ਤੇ ਇਹ ਬਿੱਲ ਇਕ ਸੱਚਾਈ ਵਿਚ ਬਦਲਣ ਲਈ ਪ੍ਰਕਿਰਿਆ ਲੀਹ 'ਤੇ ਕਿਉਂ ਪਾਈ।
ਉਹਨਾਂ ਕਿਹਾ ਕਿ "ਮੈਂ ਰਾਹੁਲ ਗਾਂਧੀ ਨੂੰ ਪੰਜ ਸਵਾਲ ਪੁੱਛਣਾ ਚਾਹੁੰਦਾ ਹਾਂ। ਕੀ ਤੁਹਾਡੀ ਪਾਰਟੀ ਨੇ 2017 ਵਿਚ ਪੰਜਾਬ ਦੀਆਂ ਚੋਣਾਂ ਵੇਲੇ ਚੋਣ ਮਨੋਰਥ ਪੱਤਰ ਵਿਚ ਕਿਹਾ ਸੀ ਕਿ ਤੁਸੀਂ ਪ੍ਰਾਈਵੇਟ ਮੰਡੀਆਂ ਦੀ ਸਥਾਪਨਾ ਕਰੋਗੇ ਤੇ ਈ ਟਰੇਡਿੰਗ ਤੇ ਕਾਂਟਰੈਕਟ ਫਾਰਮਿੰਗ ਦੀ ਆਗਿਆ ਦੇਵੋਗੇ, ਜੋ ਹੁਣ ਦਿੱਤੀ ਹੋਈ ਹੈ ? ਜੇਕਰ ਅਜਿਹਾ ਹੈ ਤਾਂ ਤੁਸੀਂ ਹੁਣ ਤੱਕ ਪੰਜਾਬ ਦੇ ਏ ਪੀ ਐਮ ਸੀ ਐਕਟ ਵਿਚ ਕੀਤੀਆਂ ਸੋਧਾਂ ਨੂੰ ਖਤਮ ਕਿਉਂ ਨਹੀਂ ਕੀਤਾ ?ਕੀ 2019 ਦੀਆਂ ਆਮ ਚੋਣਾਂ ਲਈ ਤੁਹਾਡੇ ਚੋਣ ਮਨੋਰਥ ਪੱਤਰ ਵਿਚ ਤੁਸੀਂ ਇਹ ਕਿਹਾ ਸੀ ਕਿ ਤੁਸੀਂ ਏ ਪੀ ਐਮ ਸੀ ਐਕਟ ਖਤਮ ਕਰੋਗੇ ਤੇ ਖੇਤੀ ਜਿਣਸਾਂ ਦੇ ਵਪਾਰ ਨੂੰ ਸਾਰੀਆਂ ਬੰਦਸ਼ਾਂ ਤੋਂ ਮੁਕਤ ਕਰੋਗੇ ?"
ਅਕਾਲੀ ਦੇ ਪ੍ਰਧਾਨ ਨੇ ਕਾਂਗਰਸ ਤੇ ਦੋਸ਼ ਲਾਉਣਦੇ ਹੋਏ ਕਿਹਾ ਕਿ, "ਕਾਂਗਰਸ ਨੇ ਠੱਗੀਆਂ ਮਾਰ ਕੇ ਦੇਸ਼ ਨੂੰ ਲੁੱਟਿਆ ਹੈ।ਗਾਂਧੀ ਪਰਿਵਾਰ ਨੇ ਪੰਜਾਬ ਦਾ ਪਾਣੀ ਤੱਕ ਖੋਹਿਆ ਹੈ।
ਇਸ ਤੋਂ ਇਲਾਵਾ ਕਥਿਤ ਸਕੌਲਰਸ਼ਿਪ ਸਕੈਮ 'ਤੇ ਬੋਲਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਧਰਮਸੋਤ ਨੇ ਵਿਦਿਆਰਥੀਆਂ ਦੇ ਕਰੋੜਾਂ ਰੁਪਏ ਗਾਇਬ ਕੀਤੇ ਹਨ। ਜਿਹੜੇ ਕਾਲਜਾਂ ਤੋਂ ਪੈਸਾ ਲੈਣਾ ਸੀ ਉਹਨਾਂ ਨੂੰ ਫਾਇਦਾ ਦਿੱਤਾ ਹੈ।ਬਾਦਲ ਨੇ ਕਿਹਾ ਕਿ, "ਕਰੀਬ ਤਿੰਨ ਲੱਖ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੋਈ ਹੈ।SC ਬੱਚਿਆਂ ਦੀ ਪੜ੍ਹਾਈ ਖ਼ਤਮ ਕਰਕੇ ਕੈਪਟਨ ਨੇ ਪਾਪ ਕੀਤਾ ਹੈ।"
ਹਾਥਰਸ ਮਾਮਲੇ 'ਤੇ ਸੁਖਬੀਰ ਬਾਦਲ ਨੇ ਦੁੱਖ ਜਤਾਉਂਦੇ ਹੋਏ ਕਿਹਾ ਕਿ, ਪਹਿਲੀ ਵਾਰ ਦੇਖਿਆ ਗਿਆ ਹੈ ਕਿ ਪੁਲਿਸ ਨੇ ਖੁਦ ਸਸਕਾਰ ਕੀਤਾ ਹੋਵੇ।