ਨਵੀਂ ਦਿੱਲੀ: ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਦਾ ਟਵਿਟਰ ਅਕਾਊਂਟ ਹੁਣ ਇਕ ਹਫ਼ਤੇ ਬਾਅਦ ਅਨਲੌਕ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਦੂਜੇ ਕਾਂਗਰਸੀ ਲੀਡਰਾਂ ਦੀ ਟਵਿਟਰ ਆਈਡੀ ਵੀ ਅਨਲੌਕ ਹੋ ਗਈ ਹੈ। ਕਾਂਗਰਸ ਦੇ ਇਕ ਲੀਡਰ ਨੇ ਦੱਸਿਆ ਕਿ ਰਾਹੁਲ ਗਾਂਧੀ ਦੇ ਨਾਲ ਹੀ ਪਾਰਟੀ ਦੇ ਸੀਨੀਅਰ ਲੀਡਰਾਂ ਦੇ ਅਕਾਊਂਟ ਵੀ ਖੁੱਲ੍ਹ ਗਏ ਹਨ।
ਟਵਿਟਰ ਨੇ ਰਾਹੁਲ ਗਾਂਧੀ, ਕਾਂਗਰਸ ਤੇ ਪਾਰਟੀ ਦੇ ਕਈ ਸੀਨੀਅਰ ਲੀਡਰਾਂ ਦੇ ਟਵਿਟਰ ਅਕਾਊਂਟ ਬੰਦ ਕਰ ਦਿੱਤੇ ਸਨ। ਕਾਂਗਰਸ ਮਹਾਂਸਕੱਤਰ ਕੇਸੀਵੇਣੂਗੋਪਾਲ, ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਸਮੇਤ ਕਈ ਹੋਰ ਕਾਂਗਰਸ ਲੀਡਰਾਂ ਦੇ ਟਵਿਟਰ ਅਕਾਊਂਟ ਲੌਕ ਕੀਤੇ ਗਏ ਸਨ।
ਦਰਅਸਲ ਕੁਝ ਦਿਨ ਪਹਿਲਾਂ ਹੀ ਦਿੱਲੀ 'ਚ ਕਥਿਤ ਦੁਸ਼ਕਰਮ ਤੇ ਹੱਤਿਆ ਦੀ ਪੀੜਤਾ 9 ਸਾਲਾ ਬੱਚੀ ਦੇ ਮਾਪਿਆਂ ਨਾਲ ਮੁਲਾਕਾਤ ਦੀ ਤਸਵੀਰ ਸ਼ੇਅਰ ਕਰਨ ਨੂੰ ਲੈਕੇ ਕਾਂਗਰਸ ਦੇ ਸਾਬਕਾ ਪ੍ਰਧਾਨ ਦਾ ਟਵਿਟਰ ਅਕਾਊਂਟ ਬੰਦ ਕਰ ਦਿੱਤਾ ਗਿਆ ਸੀ। ਟਵਿਟਰ ਨੇ ਕਿਹਾ ਸੀ ਕਿ ਉਸ ਨੇ ਇਹ ਕਦਮ ਨਿਯਮਾਂ ਦੇ ਤਹਿਤ ਚੁੱਕੇ ਹਨ।
ਰਾਹੁਲ ਗਾਂਧੀ ਨੇ ਆਪਣੀ ਟਵਿਟਰ ਅਕਾਊਂਟ ਬੰਦ ਕੀਤੇ ਜਾਣ ਨੂੰ ਲੈਕੇ ਖੜੇ ਹੋਏ ਵਿਵਾਦ 'ਤੇ ਸ਼ੁੱਕਰਵਾਰ ਟਵਿਟਰ 'ਤੇ ਜੰਮ ਕੇ ਨਿਸ਼ਾਨਾ ਸਾਧਿਆ ਤੇ ਇਲਜ਼ਾਮ ਲਾਇਆ ਸੀ ਕਿ ਇਹ ਅਮਰੀਕੀ ਕੰਪਨੀ ਭਾਰਤ ਦੀ ਸਿਆਸੀ ਪ੍ਰਕਿਰਿਆ 'ਚ ਦਖਲ ਦੇ ਰਹੀ ਹੈ। ਲੋਕਤੰਤਰਿਕ ਢਾਂਚੇ 'ਤੇ ਹਮਲਾ ਕਰ ਰਹੀ ਹੈ। ਉਨ੍ਹਾਂ ਇਹ ਦਾਅਵਾ ਵੀ ਕੀਤਾ ਸੀ ਕਿ ਟਵਿਟਰ ਪੱਖਪਾਤੀ ਹੈ ਤੇ ਉਹ ਸਰਕਾਰ ਦੇ ਕਹੇ ਮੁਤਾਬਕ ਕੰਮ ਕਰ ਰਿਹਾ ਹੈ।