Himachal News: ਹਿਮਾਚਲ ਪ੍ਰਦੇਸ਼ ਵਿੱਚ ਤੀਜੀ ਵਾਰ ਮਾਨਸੂਨ ਦਾ ਕਹਿਰ ਦੇਖਣ ਨੂੰ ਮਿਲਿਆ ਹੈ। ਬਾਰਸ਼ ਕਰਕੇ ਚੱਟਾਨਾਂ ਖਿਸਕਣ ਨਾਲ ਕੁੱਲੂ 'ਚ ਅੱਠ ਮਕਾਨ ਢਹਿ-ਢੇਰੀ ਹੋ ਗਏ ਜਦਕਿ ਦੋ ਘਰ ਅਜੇ ਵੀ ਖਤਰੇ 'ਚ ਹਨ। ਬੁੱਧਵਾਰ ਨੂੰ ਸੂਬੇ ਦੇ ਵੱਖ-ਵੱਖ ਹਿੱਸਿਆਂ 'ਚ ਮੀਂਹ ਨਾਲ ਸਬੰਧਤ ਘਟਨਾਵਾਂ 'ਚ 13 ਲੋਕਾਂ ਦੀ ਮੌਤ ਹੋ ਗਈ ਤੇ ਛੇ ਲੋਕ ਲਾਪਤਾ ਹਨ। ਇਸ ਦੌਰਾਨ ਸੂਬੇ 'ਚ 24 ਥਾਵਾਂ 'ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰੀਆਂ ਤੇ ਤਿੰਨ ਥਾਵਾਂ 'ਤੇ ਹੜ੍ਹ ਆ ਗਏ।


ਰਾਜ ਆਫ਼ਤ ਪ੍ਰਬੰਧਨ ਦੇ ਪ੍ਰਮੁੱਖ ਸਕੱਤਰ ਓਂਕਾਰ ਸ਼ਰਮਾ ਨੇ ਦੱਸਿਆ ਕਿ ਕੁੱਲੂ ਵਿੱਚ ਹਾਦਸੇ ਤੋਂ ਪਹਿਲਾਂ ਹੀ ਮਕਾਨਾਂ ਨੂੰ ਖਾਲੀ ਕਰਵਾ ਲਿਆ ਗਿਆ ਸੀ। ਇਸ ਕਰਕੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਕੁਦਰਤੀ ਕ੍ਰੋਪੀ ਕਰਕੇ 24 ਜੂਨ ਤੋਂ ਹੁਣ ਤੱਕ ਹਿਮਾਚਲ 'ਚ 361 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 342 ਲੋਕ ਜ਼ਖਮੀ ਹੋਏ ਹਨ। ਇਸ ਤੋਂ ਇਲਾਵਾ 41 ਅਜੇ ਵੀ ਲਾਪਤਾ ਹਨ। 



ਸੂਬੇ ਵਿੱਚ ਹੁਣ ਤੱਕ 8291.61 ਕਰੋੜ ਦੇ ਨੁਕਸਾਨ ਦਾ ਮੁਲਾਂਕਣ ਕੀਤਾ ਗਿਆ ਹੈ ਜੋ 10 ਹਜ਼ਾਰ ਕਰੋੜ ਰੁਪਏ ਤੱਕ ਚਲਾ ਜਾਵੇਗਾ। ਇਸ ਦੌਰਾਨ 2237 ਘਰ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ। 9924 ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। 300 ਦੁਕਾਨਾਂ ਢਹਿ ਗਈਆਂ ਜਦਕਿ 4783 ਗਊਸ਼ਾਲਾ ਤਬਾਹ ਹੋ ਗਈਆਂ।



ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਦੀ ਰਿਪੋਰਟ ਅਨੁਸਾਰ ਜ਼ਮੀਨ ਖਿਸਕਣ ਕਾਰਨ ਤਿੰਨ ਕੌਮੀ ਮਾਰਗਾਂ ਸਮੇਤ 709 ਸੜਕਾਂ ਬੰਦ ਹੋ ਗਈਆਂ ਹਨ, ਜਦਕਿ 2897 ਟਰਾਂਸਫ਼ਾਰਮਰ ਖ਼ਰਾਬ ਹੋਣ ਕਾਰਨ ਬਿਜਲੀ ਫੇਲ੍ਹ ਹੋ ਗਈ। ਲੋਕ ਨਿਰਮਾਣ ਵਿਭਾਗ ਦੇ ਸ਼ਿਮਲਾ ਜ਼ੋਨ ਵਿੱਚ ਸਭ ਤੋਂ ਵੱਧ 220 ਸੜਕਾਂ ਬੰਦ ਹਨ। ਇਸੇ ਤਰ੍ਹਾਂ ਮੰਡੀ ਜ਼ੋਨ ਦੀਆਂ 213, ਹਮੀਰਪੁਰ ਜ਼ੋਨ ਦੀਆਂ 180, ਕਾਂਗੜਾ ਜ਼ੋਨ ਦੀਆਂ 93 ਸੜਕਾਂ ’ਤੇ ਆਵਾਜਾਈ ਠੱਪ ਹੋ ਕੇ ਰਹਿ ਗਈ ਹੈ। ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਟਰਾਂਸਫਾਰਮਰ ਵੀ ਖ਼ਰਾਬ ਪਏ ਹਨ। ਇਕੱਲੇ ਮੰਡੀ ਜ਼ਿਲ੍ਹੇ ਵਿੱਚ ਹੀ 1142 ਟਰਾਂਸਫਾਰਮਰ ਖਰਾਬ ਹੋਣ ਕਾਰਨ ਕਈ ਪਿੰਡਾਂ ਤੇ ਕਸਬਿਆਂ ਵਿੱਚ ਬਿਜਲੀ ਗੁੱਲ ਹੈ।


ਮੌਸਮ ਵਿਭਾਗ ਅਨੁਸਾਰ ਬੁੱਧਵਾਰ ਨੂੰ ਬਿਲਾਸਪੁਰ ਦੇ ਕਾਹੂ ਤੇ ਮੰਡੀ ਦੇ ਕੋਟਲਾ ਵਿੱਚ ਸਭ ਤੋਂ ਵੱਧ 210-210 ਮਿਲੀਮੀਟਰ ਮੀਂਹ ਪਿਆ। ਇਸ ਤੋਂ ਇਲਾਵਾ ਬਿਲਾਸਪੁਰ ਸਦਰ, ਬਾਰਥੀ ਤੇ ਪੰਡੋਹ ਵਿੱਚ 180-180 ਮਿਲੀਮੀਟਰ, ਕੰਡਾਘਾਟ ਵਿੱਚ 160, ਬੰਗਾਨਾ ਤੇ ਕਸੌਲੀ ਵਿੱਚ 150-150, ਬਲਦਵਾੜਾ ਵਿੱਚ 140, ਸ਼ਿਮਲਾ ਤੇ ਨੈਣਾ ਦੇਵੀ ਵਿੱਚ 130-130 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ। 25 ਅਗਸਤ ਤੱਕ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।