ਸਾਦੂਲਪੁਰ: ਰਾਜਸਥਾਨ, ਪੰਜਾਬ ਤੇ ਹਰਿਆਣਾ ਦੇ 20 ਤੋਂ ਵੱਧ ਸ਼ਹਿਰਾਂ ਵਿੱਚ ATM ਬਦਲ ਕੇ 10 ਤੋਂ 12 ਲੱਖ ਰੁਪਏ ਦੀ ਠੱਗੀ ਕਰਨ ਵਾਲੇ ਨੂੰ ਮੋਬਾਈਲ ਲੋਕੇਸ਼ਨ ਦੇ ਆਧਾਰ ’ਤੇ ਫੜਿਆ ਗਿਆ। 20 ਸਾਲ ਦਾ ਇਹ ਮੁਲਜ਼ਮ ਇੱਕ ਪੁਲਿਸ ਅਧਿਕਾਰੀ ਦਾ ਮੁੰਡਾ ਹੈ। ATM ਦਾ ਕਲੋਨ ਬਣਾਉਣ ਤੇ ਪੈਸੇ ਕੱਢਣ ਦਾ ਤਰੀਕੇ ਉਸ ਨੇ ਯੂਟਿਊਬ ’ਤੇ ਵੀਡੀਓ ਦੇਖ ਕੇ ਸਿੱਖਿਆ ਸੀ। ਇਸ ਪਿੱਛੋਂ 7 ਮਹੀਨਿਆਂ ਅੰਦਰ ਤਿੰਨ ਸੂਬਿਆਂ ਵਿੱਚ 21 ਵਾਰਦਾਤਾਂ ਕੀਤੀਆਂ। ਚੁਰੂ ਪੁਲਿਸ ਢਾਈ ਮਹੀਨਿਆਂ ਤੋਂ ਉਸ ਦੀ ਭਾਲ਼ ਕਰ ਰਹੀ ਸੀ।

ਏਐਸਪੀ ਰਾਜਿੰਦਰ ਕੁਮਾਰ ਮੀਣਾ ਨੇ ਦੱਸਿਆ ਕਿ ਮੁਲਜ਼ਮ ਮਨੀਸ਼ (20) ਸੀਕਰ ਜ਼ਿਲ੍ਹੇ ਦੇ ਪਿੰਡ ਨਿਓਰਾਣਾ ਦਾ ਰਹਿਣ ਵਾਲਾ ਹੈ। ਉਸ ਕੋਲੋਂ ਵੱਖ-ਵੱਖ ਬੈਂਕਾਂ ਦੇ 20 ATM ਕਾਰਡ ਬਰਾਮਦ ਕੀਤੇ ਗਏ ਹਨ। ਸਾਦੁਲਪੁਰ ਵਿੱਚ 6 ਅਪਰੈਲ ਨੂੰ ATM ਬਦਲ ਕੇ ਇੱਕ ਲੱਖ 89 ਹਜ਼ਾਰ ਰੁਪਏ ਕੱਢੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ। ਪੁਲਿਸ ਨੇ ਸ਼ਿਕਾਇਤਕਰਤਾ ਦੇ ATM ਕਾਰਡ ਤੋਂ ਹੋਈਆਂ ਟਰਾਂਜ਼ੈਕਸ਼ਨਾਂ ਦੀ ਸਾਰੀਆਂ ਥਾਵਾਂ ਤੋਂ ਮੋਬਾਈਲ ਲੋਕੇਸ਼ਨ ਕੱਢੀ ਤਾਂ ਹਰ ਥਾਂ ’ਤੇ ਇੱਕੋ ਮੋਬਾਈਲ ਨੰਬਰ ਐਕਟਿਵ ਪਾਇਆ ਗਿਆ। ਇਸੇ ਮੌਬਾਈਲ ਲੋਕੇਸ਼ਨ ਦੇ ਆਧਾਰ ’ਤੇ ਪੁਲਿਸ ਨੇ ਨੰਬਰ ਟਰੇਸ ਕੀਤਾ ਤੇ ਆਖ਼ਰ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ।

ਮਨੀਸ਼ ਦੇ ਪਿਤਾ ਸ੍ਰੀਗੰਗਾਨਗਰ ਵਿੱਚ ASI ਲੱਗੇ ਹਨ ਤੇ ਪੁਲਿਸ ਲਾਈਨ ਵਿੱਚ ਤਾਇਨਾਤ ਹਨ। ਉਨ੍ਹਾਂ ਦੱਸਿਆ ਕਿ ਮਨੀਸ਼ ਨੇ ਯੂਟਿਊਬ ਤੋਂ ਵੀਡੀਓ ਦੇਖ ਕੇ ATM ਨੂੰ ਖੋਰਾ ਲਾਉਣ ਦੇ ਤਰੀਕੇ ਸਿੱਖੇ। ਜਦੋਂ ਕੋਈ ਜਣਾ ਆਪਣਾ ਏਟੀਐਮ ਵਰਤਦਾ ਸੀ ਤਾਂ ਉਹ ਉਸ ਕਾਰਡ ਨੂੰ ਕਲੋਨ ਕਰ ਲੈਂਦਾ ਸੀ। ਫਿਰ ਉਹ ਕਲੋਨ ਕੀਤਾ ਹੋਇਆ ਕਾਰਡ ATM ਮਸ਼ੀਨ ’ਚ ਵਰਤ ਕੇ ਪੈਸੇ ਕੱਢ ਲੈਂਦਾ ਸੀ। ਆਪਣੇ ਦੋਸਤਾਂ ਨਾਲ ਮਿਲ ਕੇ ਮਨੀਸ਼ ਨੇ ਕਈ ATM ਦਾ ਚੂਨਾ ਲਾਇਆ। ਉਹ ਬੀਏ ਫਾਈਨਲ ਦਾ ਵਿਦਿਆਰਥੀ ਹੈ।