ਮੁੰਬਈ: ਅਕਸਰ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਬੋਲਣ ਵਾਲੇ ਬਾਲੀਵੁੱਡ ਅਦਾਕਾਰ ਕਮਲ ਆਰ ਖਾਨ (KRK) ਇਕ ਵਾਰ ਨੇ ਫਿਰ ਭਾਜਪਾ 'ਤੇ ਨਿਸ਼ਾਨਾ ਸਾਧਿਆ ਹੈ। ਪੱਛਮੀ ਬੰਗਾਲ ’ਚ ਪ੍ਰਸ਼ਾਂਤ ਕਿਸ਼ੋਰ ਦੀ ਭਵਿੱਖਬਾਣੀ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਹੁਣ ਉੱਤਰ ਪ੍ਰਦੇਸ਼ ’ਚ ਭਾਜਪਾ ਨੂੰ ਹਾਰ ਦਾ ਸਾਹਮਣਾ ਕਰਨਾ ਪਵੇਗਾ ਤੇ ਰਾਕੇਸ਼ ਟਿਕੈਤ ਉੱਤਰ ਪ੍ਰਦੇਸ਼ ’ਚ ਭਾਜਪਾ ਨੂੰ ਹਰਾਉਣ ਲਈ ਕਾਫ਼ੀ ਹਨ।
ਕੇਆਰਕੇ ਨੇ ਕਿਹਾ ਕਿ ਬੰਗਾਲ ’ਚ ਪ੍ਰਸ਼ਾਂਤ ਕਿਸ਼ੋਰ ਦੀ ਭਵਿੱਖਬਾਣੀ ਸਹੀ ਸਾਬਤ ਹੋਈ। ਉਨ੍ਹਾਂ ਕਿਹਾ ਸੀ ਕਿ ਭਾਜਪਾ 100 ਤੋਂ ਵੱਧ ਸੀਟਾਂ ਨਹੀਂ ਜਿੱਤੇਗੀ ਤੇ ਜੋ ਸਹੀ ਸਾਬਤ ਹੋਈ। ਬੰਗਾਲ ਚੋਣਾਂ ਦੇ ਨਤੀਜਿਆਂ ਦਾ ਹਵਾਲਾ ਦਿੰਦਿਆਂ ਕੇਆਰਕੇ ਨੇ ਭਾਜਪਾ ’ਤੇ ਨਿਸ਼ਾਨਾ ਸਾਧਿਆ।
ਉਨ੍ਹਾਂ ਨੇ ਟਵਿੱਟਰ ’ਤੇ ਇਕ ਪੋਸਟ ਜ਼ਰੀਏ ਕਿਹਾ, “ਪ੍ਰਸ਼ਾਂਤ ਕਿਸ਼ੋਰ ਨੇ ਪੱਛਮੀ ਬੰਗਾਲ ਚੋਣਾਂ ਤੋਂ ਪਹਿਲਾਂ ਕਿਹਾ ਸੀ - ਜੇ ਮੈਂ ਆਪਣੇ ਕੰਮ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ ਤਾਂ ਮੈਂ ਗਰੰਟੀ ਦਿੰਦਾ ਹਾਂ ਕਿ ਭਾਜਪਾ ਪੱਛਮੀ ਬੰਗਾਲ ’ਚ ਕਦੇ ਵੀ 3 ਅੰਕਾਂ ’ਤੇ ਨਹੀਂ ਪਹੁੰਚੇਗੀ ਤੇ ਜੇ ਅਜਿਹਾ ਹੁੰਦਾ ਹੈ ਤਾਂ ਮੈਂ ਆਪਣਾ ਕੰਮ ਛੱਡ ਦੇਵਾਂਗਾ।”
ਕੇਆਰਕੇ ਨੇ ਇੱਕ ਹੋਰ ਟਵੀਟ ’ਚ ਲਿਖਿਆ ਕਿ ਪਿਆਰੇ ਭਗਤੋ ਇਸ ਗੱਲ ਨੂੰ ਨੋਟ ਕਰ ਲਓ ਕਿ ਉੱਤਰ ਪ੍ਰਦੇਸ਼ ’ਚ ਰਾਕੇਸ਼ ਟਿਕੈਤ ਹੀ ਭਾਜਪਾ ਨੂੰ ਹਰਾਉਣ ਲਈ ਕਾਫ਼ੀ ਹਨ। ਅਖਿਲੇਸ਼ ਯਾਦਵ, ਜਯਾ ਬੱਚਨ, ਮਮਤਾ ਬੈਨਰਜੀ, ਪ੍ਰਿਯੰਕਾ ਗਾਂਧੀ, ਤੇਜਸ਼ਵੀ ਯਾਦਵ ਸਾਰੇ ਵੱਖਰੇ ਤੌਰ 'ਤੇ! ਮੈਂ ਜਾਣਦਾ ਹਾਂ ਕਿ ਮਾਇਆਵਤੀ ਤੇ ਓਵੈਸੀ ਦੋਵੇਂ ਭਾਜਪਾ ਦੀ ਮਦਦ ਕਰਨ ਦੀ ਕੋਸ਼ਿਸ਼ ਕਰਨਗੇ, ਪਰ ਹੁਣ ਜਨਤਾ ਬਹੁਤ ਚਲਾਕ ਹੋ ਗਈ ਹੈ।
ਹਾਲਾਂਕਿ ਬਾਅਦ ’ਚ ਕੇਆਰਕੇ ਨੇ ਆਪਣਾ ਟਵੀਟ ਡਿਲੀਟ ਕਰ ਦਿੱਤਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :